ਲੇਖਕ: ਡਾ. ਤਰੁਨਜੀਤ ਸਿੰਘ ਬੁਤਾਲੀਆ
ਅਨੁਵਾਦ: ਪਰਗਟ ਸਿੰਘ
ਲਾਹੌਰ ਦਰਬਾਰ ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਸ਼ੇਰ-ਏ-ਪੰਜਾਬ ਅਤੇ ਸਿੱਖ ਰਾਜ ਦੇ ਅਕਸ ਨੂੰ ਧੁੰਦਲਾ ਕਰਨ ਲਈ ਇਤਿਹਾਸ ਦੇ ਨਾਂ ‘ਤੇ ਉਹ ਕੁਝ ਪਰੋਸਿਆ ਗਿਆ, ਜੋ ਸੱਚ ਤੋਂ ਕੋਹਾਂ ਦੂਰ ਸੀ; ਆਓ ਦੇਖੀਏ ਕਿ ਲਾਹੌਰ ਦੇ ਕੁਝ ਇਤਿਹਾਸਕਾਰਾਂ ਨੇ ਸ਼ੇਰ-ਏ-ਪੰਜਾਬ ਬਾਰੇ ਗਲਤ ਇਤਿਹਾਸ ਕਿਵੇਂ ਸਥਾਪਿਤ ਕੀਤਾ।
ਸੱਯਦ ਮੁਹੰਮਦ ਲਤੀਫ 1891 ਵਿੱਚ ਲਾਹੌਰ ਦੇ ਇਤਿਹਾਸ ਬਾਰੇ ਅੰਗਰੇਜ਼ੀ ਵਿੱਚ ਛਪੀ ਆਪਣੀ ਕਿਤਾਬ “Lahore, Its History, Architectural Remains and Antiquities,” ਵਿਚ ਬਾਰ-ਬਾਰ ਇਹ ਦਾਅਵਾ ਕਰਦਾ ਹੈ ਕਿ ਸ਼ੇਰੇ ਪੰਜਾਬ ਸਰਕਾਰ ਰਣਜੀਤ ਸਿੰਘ ਨੇ ਮੁਗਲ ਕਾਲ ਦੀਆਂ ਮਸੀਤਾਂ ਅਤੇ ਸਮਾਧਾਂ ਦੀ ਬੇਅਦਬੀ ਕੀਤੀ ਅਤੇ ਉਹਨਾਂ ਨੂੰ ਢਾਹ ਕੇ ਉਨ੍ਹਾਂ ਦੀ ਸਮੱਗਰੀ ਲਾਹੌਰ ਦੇ ਸ਼ਾਹੀ ਕਿਲੇ ਅਤੇ ਹੋਰਨਾਂ ਅਸਥਾਨਾਂ ਵਿੱਚ ਨਵੀਆਂ ਇਮਾਰਤਾਂ ਬਣਾਉਣ ਲਈ ਵਰਤੀ। ਇਹ ਪਹਿਲੀ ਵਾਰ ਸੀ ਜਦੋਂ ਅੰਗਰੇਜ਼ੀ ਹਕੂਮਤ ਦੀ ਸਰਪ੍ਰਸਤੀ ਹੇਠ ਸ਼ੇਰ-ਏ-ਪੰਜਾਬ ਬਾਰੇ ਗਲਤ ਇਤਿਹਾਸ ਲਿਖਣ ਦੀ ਨੀਂਹ ਰੱਖੀ ਗਈ।
ਹਾਲਾਂਕਿ ਸਰਕਾਰ ਰਣਜੀਤ ਸਿੰਘ ਵੱਲੋਂ ਲਾਹੌਰ ਦੀਆਂ ਮਸੀਤਾਂ ਅਤੇ ਹੋਰਨਾਂ ਇਸਲਾਮਿਕ ਧਾਰਮਿਕ ਅਸਥਾਨਾਂ – ਜਿਵੇਂ ਕਿ ਦਾਤਾ ਦਰਬਾਰ ਪਾਤਸ਼ਾਹੀ ਮਸਜਿਦ ਵਜ਼ੀਰ ਖਾਨ ਮਸਜਿਦ ਸੁਨਹਿਰੀ ਮਸਜਿਦ ਅਤੇ ਦਰਬਾਰ ਸ਼ਾਹ ਹੁਸੈਨ ਆਦਿ, ਦੀ ਕੀਤੀ ਗਈ ਸੇਵਾ ਬਾਰੇ ਸਮਕਾਲੀ ਫ਼ਾਰਸੀ ਦਸਤਾਵੇਜ਼ਾਂ ਵਿੱਚ ਵਿਸਥਾਰ ਨਾਲ ਜਾਣਕਾਰੀ ਮਿਲਦੀ ਹੈ।

ਮੁਹੰਮਦ ਲਤੀਫ਼, ਕਨ੍ਹਈਆ ਲਾਲ ਅਤੇ ਨੂਰ ਅਹਿਮਦ ਚਿਸ਼ਤੀ: ਸ਼ੇਰ-ਏ-ਪੰਜਾਬ ਬਾਰੇ ਗਲਤ ਇਤਿਹਾਸ ਦੀਆਂ ਜੜ੍ਹਾਂ
19 ਵੀਂ ਸਦੀ ਦੇ ਦੂਜੇ ਅੱਧ ਵਿੱਚ ਲਾਹੌਰ ਦੇ ਇਹ ਤਿੰਨ ਇਤਿਹਾਸਕਾਰ ਹੋਏ ਹਨ – ਸੱਯਦ ਮੁਹੰਮਦ ਲਤੀਫ, ਕਨ੍ਹਈਆ ਲਾਲ ਅਤੇ ਨੂਦ ਅਹਿਮਦ ਚਿਸ਼ਤੀ। ਇਨ੍ਹਾਂ ਤਿੰਨਾਂ ਨੂੰ ਹੀ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਸੀ, ਜਿਨਾਂ ਨੇ 1849 ਵਿੱਚ ਲਾਹੌਰ ਦੇ ਸਿੱਖ ਰਾਜ ਉੱਤੇ ਕਬਜ਼ਾ ਕੀਤਾ ਸੀ।
ਲਤੀਫ਼ ਨੇ ਆਪਣੀ ਕਿਤਾਬ ਕਨ੍ਹਈਆ ਲਾਲ ਦੀ 1884 ਵਿੱਚ ਉਰਦੂ ਵਿੱਚ ਲਿਖੀ ਹੋਈ ਕਿਤਾਬ “ਤਾਰੀਖ਼ ਏ ਲਾਹੌਰ” ਦੇ ਆਧਾਰ ਤੇ ਲਿਖੀ ਸੀ। ਕਨ੍ਹਈਆ ਲਾਲ ਨੇ ਆਪਣੀ ਇਹ ਕਿਤਾਬ ਨੂਰ ਅਹਿਮਦ ਚਿਸ਼ਤੀ ਦੀ 1867 ਵਿੱਚ ਉਰਦੂ ਵਿੱਚ ਹੀ ਲਿਖੀ ਹੋਈ ਕਿਤਾਬ “ਤਹਿਕੀਕਾਤ-ਏ-ਚਿਸ਼ਤੀ” ਦੇ ਆਧਾਰ ਤੇ ਲਿਖੀ ਹੋਈ ਸੀ। ਚਿਸ਼ਤੀ ਨੇ ਆਪਣੀ ਕਿਤਾਬ ਮਿਥਾਂ ਅਤੇ ਲਾਹੌਰ ਦੇ ਵਾਸੀਆਂ ਵੱਲੋਂ ਦੱਸੀਆਂ ਜਾਂਦੀਆਂ ਮੌਖਿਕ ਕਹਾਣੀਆਂ ਅਤੇ 1860 ਵਿੱਚ ਛਪੀ ਅੰਗਰੇਜ਼ੀ ਦੀ ਇਕ ਕਿਤਾਬ ਦੇ ਆਧਾਰ ਤੇ ਲਿਖੀ ਸੀ। ਅੰਗਰੇਜ਼ੀ ਦੀ ਇਸ ਕਿਤਾਬ ਦਾ ਨਾਮ “Ancient Lahore: A Brief Account of the History and Antiquities of Lahore” ਹੈ ਅਤੇ ਇਹ ਕਿਤਾਬ ਸਰ ਰੋਬਰਟ ਮਿੰਟਗੁਮਰੀ ਦੀਆਂ ਹਿਦਾਇਤਾਂ ਦੇ ਅਧੀਨ 1860 ਵਿਚ ਛਾਪੀ ਗਈ ਸੀ।
ਚਿਸ਼ਤੀ ਨੇ 1867 ਵਿੱਚ ਆਪਣੀ ਉਰਦੂ ਦੀ ਕਿਤਾਬ ਸਿਰਫ ਮੌਖਿਕ ਕਹਾਣੀਆਂ ਅਤੇ 1860 ਦੀ ਇਸ ਅੰਗਰੇਜ਼ੀ ਕਿਤਾਬ ਦੇ ਆਧਾਰ ਤੇ ਹੀ ਲਿਖ ਦਿੱਤੀ। ਇਹ ਕਿਸੇ ਇਤਿਹਾਸਿਕ ਖੋਜ ਦੇ ਆਧਾਰ ਤੇ ਨਹੀਂ ਸੀ ਲਿਖੀ ਗਈ। ਕੁਝ ਸਮੇਂ ਮਗਰੋਂ ਹੀ 1884 ਵਿੱਚ ਕਨ੍ਹਈਆ ਲਾਲ ਨੇ ਆਪਣੀ ਉਰਦੂ ਦੀ ਕਿਤਾਬ ਵਿੱਚ ਇਸੇ ਹੀ ਕਿਤਾਬ ਨੂੰ ਵਰਤ ਲਿਆ ਅਤੇ 1891 ਵਿੱਚ ਲਤੀਫ਼ ਨੇ ਆਪਣੀਆਂ ਅੰਗਰੇਜ਼ੀ ਕਿਤਾਬ ਵਿੱਚ ਕਨ੍ਹਈਆ ਲਾਲ ਦੀ ਉਰਦੂ ਕਿਤਾਬ ਨੂੰ ਵਰਤ ਲਿਆ। ਜਿਹੜੀ ਗੱਲ ਚਿਸ਼ਤੀ ਵੱਲੋਂ ਮਿਥਾਂ ਅਤੇ ਕਹਾਣੀਆਂ ਨਾਲ ਸ਼ੁਰੂ ਹੋਈ ਸੀ, ਉਸ ਨੂੰ ਲਤੀਫ਼ ਨੇ ਇਤਿਹਾਸ ਵਜੋਂ ਸਥਾਪਿਤ ਕਰ ਦਿੱਤਾ।
ਇਹ ਪੰਜਾਬ ਅਤੇ ਲਾਹੌਰ ਦੇ ਇਤਿਹਾਸ ਨਾਲ ਬਹੁਤ ਵੱਡੀ ਨਾਇਨਸਾਫੀ ਸੀ, ਜਿਹੜੀ ਹੁਣ ਤੱਕ ਹੁੰਦੀ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਤਕਰੀਬਨ ਅਜਿਹੀਆਂ ਹੀ ਗੱਲਾਂ ਨਾਦਰਾ ਖ਼ਾਨ ਨੇ 2018 ਵਿੱਚ ਲਿਖੀ ਹੋਈ ਆਪਣੀ ਕਿਤਾਬ “The Samadhi of Maharaja Ranjit Singh in Lahore: A Summation of Sikh Architectural and Decorative Practices,” ਵਿੱਚ ਕੀਤੀਆਂ ਹਨ, ਜਿਹੜੀ ਕਿ ਉਹਨਾਂ ਦੀ ਡਾਕਟਰਲ ਖੋਜ ਦੇ ਆਧਾਰ ਤੇ ਹੈ।
ਹੁਣ ਤਕਰੀਬਨ 135 ਸਾਲ ਬਾਅਦ ਲਤੀਫ਼ ਦੀ ਕਿਤਾਬ ਪੂਰੇ ਪਾਕਿਸਤਾਨ ਵਿੱਚ ਇਤਿਹਾਸਕਾਰਾਂ ਵੱਲੋਂ ਲਾਹੌਰ ਦੇ ਇਤਿਹਾਸ ਬਾਰੇ ਇੱਕ ਸਰਬ ਪ੍ਰਵਾਨਤ ਕਿਤਾਬ ਮੰਨੀ ਜਾਂਦੀ ਹੈ। ਇਸ ਕਰਕੇ ਇਹ ਕਿਤਾਬ ਹੁਣ ਪਾਕਿਸਤਾਨ ਵਿੱਚ ਕੁਝ ਫਿਰਕਾਪ੍ਰਸਤ ਲੋਕਾਂ ਵੱਲੋਂ ਸਿੱਖਾਂ ਅਤੇ ਸਿੱਖਾਂ ਦੇ ਪੰਜਾਬ ਵਿੱਚ ਅੱਧੀ ਸਦੀ ਦੇ ਰਾਜ ਬਾਰੇ ਨਫ਼ਰਤ ਫੈਲਾਉਣ ਦਾ ਮੁੱਖ ਸਾਧਨ ਬਣ ਗਈ ਹੈ।
ਇਨ੍ਹਾਂ ਕਿਤਾਬਾਂ ਵਿੱਚ ਕੀਤੇ ਜਾਂਦੇ ਝੂਠੇ ਦਾਅਵਿਆਂ ਬਾਰੇ ਅਸੀਂ ਇਹ ਤਿੰਨ ਮਿਸਾਲਾਂ ਲੈਂਦੇ ਹਾਂ:
1. ਕੀ ਲਾਹੌਰ ਸ਼ਹਿਰ ਦਾ ਨਾਮ ਹਿੰਦੂ ਅਵਤਾਰ ਭਗਵਾਨ ਰਾਮ ਦੇ ਪੁੱਤਰ ਲਵ/ ਲੋਹ ਦੇ ਨਾਮ ਤੇ ਰੱਖਿਆ ਗਿਆ ਹੈ।
ਚਿਸ਼ਤੀ, ਲਾਲ ਅਤੇ ਲਤੀਫ ਤਿੰਨੇ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਲਾਹੌਰ ਸ਼ਹਿਰ ਦਾ ਨਾਮ ਲੋਹ ਜਾਂ ਲਵ ਦੇ ਨਾਮ ਤੇ ਰੱਖਿਆ ਗਿਆ ਹੈ, ਜੋ ਕਿ ਹਿੰਦੂ ਭਗਵਾਨ ਰਾਮ ਚੰਦਰ ਦਾ ਵੱਡਾ ਪੁੱਤਰ ਸੀ। ਇਹ ਗੱਲ ਸੱਚ ਤੋਂ ਬਹੁਤ ਦੂਰ ਹੈ। ਸਭ ਤੋਂ ਪਹਿਲੀ ਵਾਰ ਇਸ ਸ਼ਹਿਰ ਲਈ ਲਾਹੌਰ ਨਾਮ ਇੱਕ ਫ਼ਾਰਸੀ ਲਿਖ਼ਤ “ਹਦੂਦ ਅਲ ਆਲਮ” ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ, ਜੋ ਕਿ ਸੰਨ 982 ਵਿੱਚ ਲਿਖੀ ਗਈ ਸੀ। ਅਗਲੇ 700 ਸਾਲ ਤੱਕ ਲਾਹੌਰ ਨੂੰ ਇਸੇ ਨਾਮ ਤੋਂ ਜਾਣਿਆ ਜਾਂਦਾ ਰਿਹਾ, ਪਰ ਇਸ ਨੂੰ ਕਦੇ ਵੀ ਲੋਹ ਜਾਂ ਲਵ ਨਾਲ ਨਹੀਂ ਜੋੜਿਆ ਗਿਆ।
ਸੰਨ 1696 ਵਿੱਚ ਸੁਜਾਨ ਰਾਏ ਭੰਡਾਰੀ ਨੇ ਆਪਣੀ ਕਿਤਾਬ “ਖੁਲਾਸਤ ਉਤ ਤਵਾਰੀਖ਼” ਦੇ ਵਿੱਚ ਪਹਿਲੀ ਵਾਰ ਇਹ ਦਾਅਵਾ ਕੀਤਾ ਕਿ ਲਾਹੌਰ ਸ਼ਹਿਰ ਦਾ ਨਾਮ ਲੋਹ ਜਾਂ ਲਵ ਦੇ ਨਾਮ ਤੇ ਰੱਖਿਆ ਗਿਆ ਸੀ। ਇਸ ਦਾਅਵੇ ਨੂੰ ਹੀ ਪਹਿਲਾਂ ਚਿਸ਼ਤੀ, ਫ਼ਿਰ ਲਾਲ ਅਤੇ ਫ਼ਿਰ ਲਤੀਫ ਨੇ ਜਿਉਂ ਦਾ ਤਿਉਂ ਆਪਣੀਆਂ ਕਿਤਾਬਾਂ ਵਿੱਚ ਸ਼ਾਮਿਲ ਕਰ ਲਿਆ।
ਹੁਣ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਇੱਕ ਮੰਦਰ ਵੀ ਹੈ, ਜਿਸ ਨੂੰ ਲੋਹ ਦਾ ਮੰਦਰ ਕਹਿੰਦੇ ਹਨ। ਸੰਨ 1799 ਤੋਂ 1849 ਤੱਕ ਦੀਆਂ ਖ਼ਾਲਸਾ ਰਾਜ ਦੀਆਂ ਡਾਇਰੀਆਂ ਵਿੱਚ ਲੋਹ ਦੇ ਨਾਲ ਜੁੜੇ ਹੋਏ ਕਿਸੇ ਵੀ ਮੰਦਰ ਦਾ ਕੋਈ ਵੀ ਜ਼ਿਕਰ ਨਹੀਂ ਮਿਲਦਾ। ਇਹ ਹੋ ਹੀ ਨਹੀਂ ਸਕਦਾ ਕਿ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਅੰਦਰ ਇੱਕ ਹਿੰਦੂ ਭਗਵਾਨ ਦੇ ਬੇਟੇ ਦੇ ਨਾਲ ਜੁੜਿਆ ਹੋਇਆ ਕੋਈ ਮੰਦਰ ਹੁੰਦਾ, ਪਰ ਉਸ ਦਾ ਸਿੱਖ ਰਾਜ ਦੇ ਰੋਜ਼ਨਾਮਚਿਆਂ ਦੇ ਵਿੱਚ ਕੋਈ ਵੀ ਜ਼ਿਕਰ ਨਾ ਹੁੰਦਾ, ਜਦੋਂ ਕਿ ਸਰਕਾਰ ਰਣਜੀਤ ਸਿੰਘ ਸਮੇਤ ਸਿੱਖ ਮਹਾਰਾਜੇ ਇਸ ਦੇ ਨੇੜਿਓਂ ਗੁਜ਼ਰਦੇ ਰਹੇ ਹੋਣ।
ਜਿਨਾਂ ਅਸਥਾਨਾਂ ਦੇ ਨੇੜਿਓਂ ਉਹ ਗੁਜ਼ਰਦੇ ਹੁੰਦੇ ਸਨ, ਉਨ੍ਹਾਂ ਦਾ ਜ਼ਿਕਰ ਲਾਲਾ ਸੋਹਨ ਲਾਲ ਸੂਰੀ ਵੱਲੋਂ ਲਿਖੇ ਜਾਂਦੇ “ਉਮਦਾਤ ਉਤ ਤਵਾਰੀਖ਼” ਦੇ ਰੋਜ਼ਨਾਮਚਿਆਂ ਦੇ ਵਿੱਚ ਬਾਰ-ਬਾਰ ਆਉਂਦਾ ਸੀ।
ਜੀਨ ਫ਼ਿਲਿਪ ਵੋਗਲ ਲਾਹੌਰ ਦੇ ਕਿਲ੍ਹੇ ਬਾਰੇ ਸੰਨ 1911 ਵਿੱਚ ਲਿਖੇ ਆਪਣੇ ਇਤਿਹਾਸਿਕ ਖੋਜ ਪੱਤਰ ਵਿੱਚ ਲਿਖਦੇ ਹਨ:
“ਇੱਕ ਹੋਰ ਅਜਿਹਾ ਹੀ ਮੰਦਰ ਹਜ਼ੂਰੀ ਬਾਗ ਦਰਵਾਜੇ ਦੇ ਨੇੜੇ ਹੈ। ਲਤੀਫ਼ ਇਸ ਨੂੰ ਲੋਹ (ਭਾਵ, ਲਵ, ਭਗਵਾਨ ਰਾਮ ਦਾ ਪੁੱਤਰ) ਦਾ ਮੰਦਰ ਕਹਿੰਦਾ ਹੈ, ਜਿਸ ਨੂੰ ਉਹ ਲਾਹੌਰ ਸ਼ਹਿਰ ਨੂੰ ਵਸਾਉਣ ਵਾਲਾ ਦੱਸਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਮੰਨੀਏ ਕਿ ਇਹ ਮੰਦਰ ਇੱਥੇ ਅਕਬਰ ਵੱਲੋਂ ਕਿਲਾ ਬਣਾਉਣ ਤੋਂ ਬਹੁਤ ਪਹਿਲਾਂ ਤੋਂ ਮੌਜੂਦ ਹੈ। ਇਸ ਬਾਰੇ ਬਹੁਤਾ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਇਹ ਵੱਧ ਤੋਂ ਵੱਧ ਸਿੱਖ ਰਾਜ ਦੇ ਸਮੇਂ ਦਾ ਹੀ ਹੋਏਗਾ।”
ਇੱਕ ਵੱਡੇ ਇਤਿਹਾਸਕਾਰ ਅਤੇ ਲਾਹੌਰ ਮਿਊਜ਼ੀਅਮ ਦੇ ਸਾਬਕਾ ਡਾਇਰੈਕਟਰ ਆਪਣੀ 2016 ਵਿੱਚ ਲਿਖੀ ਹੋਈ ਕਿਤਾਬ “Lahore: History and Architecture of Mughal Monuments,” ਵਿਚ ਲਿਖਦੇ ਹਨ ਕਿ ਇਹ ਮੰਦਰ ਲੋਹ ਦਾ ਨਹੀਂ, ਬਲਕਿ ਚੱਚ ਰਾਜਾ ਬਨਰਾਤ ਦਾ ਬਣਾਇਆ ਹੋਇਆ ਸੂਰਜ ਮੰਦਰ ਹੈ, ਜਿਸ ਨੇ ਮੁਗ਼ਲ ਕਾਲ ਤੋਂ ਪਹਿਲਾਂ ਕਿਸੇ ਵੇਲੇ ਇਸ ਥਾਂ ਤੇ ਬਣੇ ਹੋਏ ਕੱਚੇ ਕਿਲ੍ਹੇ ਤੇ ਕਬਜ਼ਾ ਕੀਤਾ ਸੀ। ਲਾਹੌਰ ਦੀਆਂ ਇਤਿਹਾਸਿਕ ਅਸਥਾਨਾਂ ਬਾਰੇ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੂੰ ਹੁਣ ਚਾਹੀਦਾ ਹੈ ਕਿ ਉਹ ਇਸ ਮੰਦਰ ਲਈ ਗਲਤ ਨਾਮ “ਲੋਹ ਦਾ ਮੰਦਰ” ਵਰਤਣਾ ਬੰਦ ਕਰਨ ਅਤੇ ਇਸ ਨੂੰ ਸਿੱਖ ਰਾਜ ਵੇਲੇ ਦਾ ਹਿੰਦੂ ਮੰਦਰ ਜਾਂ ਸਮਾਧ ਹੀ ਕਿਹਾ ਜਾਵੇ।
2. ਕੀ ਬਾਦਸ਼ਾਹੀ ਮਸਜਿਦ ਦੇ ਫ਼ਰਸ਼ ਨੂੰ ਸ਼ੀਸ਼ ਮਹਿਲ ਵਿੱਚ ਵਰਤਿਆ ਗਿਆ ਸੀ?
ਗਲਤ ਬਿਆਨੀਆਂ ਦੀ ਦੂਜੀ ਉਦਾਹਰਣ, ਜਿਸ ਨੇ ਸ਼ੇਰ-ਏ-ਪੰਜਾਬ ਬਾਰੇ ਗਲਤ ਇਤਿਹਾਸ ਨੂੰ ਹੋਰ ਹਵਾ ਦਿੱਤੀ, ਇਹ ਦਾਅਵਾ ਹੈ ਕਿ ਸ਼ੇਰੇ ਪੰਜਾਬ ਸਰਕਾਰ ਰਣਜੀਤ ਸਿੰਘ ਨੇ ਬਾਦਸ਼ਾਹੀ ਮਸਜਿਦ ਦੇ ਸਾਹਮਣੇ ਵਾਲੇ ਦਰਵਾਜ਼ੇ ਤੋਂ ਫਰਸ਼ ਪੁਟਵਾ ਕੇ ਇਸ ਨੂੰ ਸ਼ੀਸ਼ ਮਹਿਲ ਦੇ ਫਰਸ਼ ਦੀ ਮੁਰੰਮਤ ਕਰਨ ਵਾਸਤੇ ਵਰਤਿਆ।
9 ਫੁੱਟ ਲੰਬਾਈ ਅਤੇ 9 ਫੁੱਟ ਚੌੜਾਈ ਵਾਲਾ ਇਹ ਫ਼ਰਸ਼ ਸ਼ੀਸ਼ ਮਹਿਲ ਵਿੱਚ ਤਕਰੀਬਨ 200 ਸਾਲ ਪਹਿਲਾਂ ਵਰਤਿਆ ਗਿਆ ਸੀ ਅਤੇ ਅੱਜ ਤੱਕ ਵੀ ਇਹ ਬਿਲਕੁਲ ਠੀਕ ਹਾਲਤ ਵਿੱਚ ਮੌਜੂਦ ਹੈ। ਹਾਲਾਂਕਿ ਇਹ ਫ਼ਰਸ਼ ਸ਼ਹਿਰ ਦੀ ਕਿਸੇ ਹਵੇਲੀ ਤੋਂ ਮੰਗਾਇਆ ਗਿਆ ਸੀ ਨਾ ਕਿ ਬਾਦਸ਼ਾਹੀ ਮਸਜਿਦ ਤੋਂ। ਵੋਗਲ 1911 ਦੇ ਆਪਣੇ ਉਸੇ ਲੇਖ ਵਿੱਚ ਇਹ ਵੀ ਲਿਖਦੇ ਹਨ:
“ਅਬਦੁਲ-ਹਾਮਿਦ ਨੇ (ਸ਼ੀਸ਼ ਮਹਿਲ ਦੇ) ਵਿਹੜੇ ਲੱਗੇ ਸਲੇਟੀ ਅਤੇ ਰੰਗ-ਬਿਰੰਗੇ ਸੰਗਮਰਮਰ ਦੇ ਫ਼ਰਸ਼ ਅਤੇ ਵਿਚਕਾਰ ਬਣੇ ਤਲਾਬ ਦਾ ਵੀ ਖ਼ਾਸ ਜ਼ਿਕਰ ਕੀਤਾ ਹੈ। ਵਿਹੜੇ ਦੇ ਉੱਤਰ-ਪੱਛਮੀ ਕੋਨੇ ਵਿੱਚ 9′ 6″ ਆਕਾਰ ਦਾ ਇੱਕ ਪੱਥਰ ਦਾ ਫਰਸ਼ ਹੈ, ਜੋ ਕਿ ਅਸਲ ਫ਼ਰਸ਼ ਦਾ ਹਿੱਸਾ ਨਹੀਂ ਹੈ। ਇੱਕ ਰਵਾਇਤ ਹੈ ਕਿ ਇਸਨੂੰ ਬਾਦਸ਼ਾਹੀ ਮਸਜਿਦ ਦੇ ਮੁੱਖ ਦੁਆਰ ਦੇ ਸਾਹਮਣੇ ਵਾਲੇ ਚਬੂਤਰੇ ਤੋਂ ਲਿਆਂਦਾ ਗਿਆ ਸੀ। ਪਰ ਇਹ ਗੱਲ ਸੱਚ ਨਹੀਂ ਜਾਪਦੀ।”
“ਮਰਹੂਮ ਫਕੀਰ ਕਮਰ-ਉਦ-ਦੀਨ ਨੇ ਮੈਨੂੰ ਦੱਸਿਆ ਸੀ ਕਿ ਇਹ ਅਸਲ ਵਿੱਚ ਸ਼ਹਿਰ ਦੇ ਇੱਕ ਘਰ ਦਾ ਹਿੱਸਾ ਸੀ ਅਤੇ ਫਕੀਰ ਸਾਹਿਬ ਦੇ ਪਿਤਾ ਨੇ ਇਸਨੂੰ ਘਰ ਦੇ ਮਾਲਕ ਮੀਰ ਨਜਫ ਅਲੀ ਖਾਨ ਤੋਂ ਖਰੀਦਿਆ ਸੀ, ਤਾਂ ਜੋ ਇਸਨੂੰ ਰਣਜੀਤ ਸਿੰਘ ਦੀ ਰਿਹਾਇਸ਼ ਦੇ ਸਾਹਮਣੇ ਲਗਾਇਆ ਜਾ ਸਕੇ। ਮਹਾਰਾਜਾ ਦੀ ਪੁਰਾਤਨ ਮੁਗਲ ਕਾਲ ਦੇ ਫਰਸ਼ਾਂ ਪ੍ਰਤੀ ਪਸੰਦ ਦਾ ਸਬੂਤ ਹਜ਼ੂਰੀ ਬਾਗ ਵਿੱਚ ਬਣੀ ਉਨ੍ਹਾਂ ਦੀ ਬਾਰਾਂਦਰੀ ਅਤੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਤੋਂ ਵੀ ਮਿਲਦਾ ਹੈ।”
3. ਕੀ ਲਾਹੌਰ ਦੇ ਮੁਗਲ ਇਤਿਹਾਸਿਕ ਸਥਾਨਾਂ ਦਾ ਪੱਥਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵਰਤਿਆ ਗਿਆ?
ਤੀਜਾ, ਇਹ ਤਿੰਨੇ ਇਤਿਹਾਸਕਾਰ, ਬਿਨਾਂ ਕਿਸੇ ਸਬੂਤ ਦੇ ਇਹ ਦਾਅਵਾ ਕਰਦੇ ਹਨ, ਕਿ ਸਰਕਾਰ ਰਣਜੀਤ ਸਿੰਘ ਨੇ ਲਾਹੌਰ ਦੇ ਮੁਗਲ ਇਤਿਹਾਸਿਕ ਅਸਥਾਨਾਂ ਤੋਂ ਪੱਥਰ ਅਤੇ ਹੋਰ ਸਮਾਨ ਪੁਟਵਾ ਕੇ ਸਿੱਖ ਧਾਰਮਿਕ ਅਸਥਾਨਾਂ, ਜਿਵੇਂ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਵਰਤਿਆ। ਤੱਥਾਂ ਦੇ ਅਧਾਰ ਤੇ ਦੇਖੀਏ ਤਾਂ ਇਹ ਸ਼ੇਰ-ਏ-ਪੰਜਾਬ ਬਾਰੇ ਗਲਤ ਇਤਿਹਾਸ ਫੈਲਾਉਣ ਦੀ ਇੱਕ ਕੋਸ਼ਿਸ਼ ਮਾਤਰ ਹੀ ਨਜ਼ਰ ਆਉਂਦੀ ਹੈ।। ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਵਰਤਿਆ ਗਿਆ ਪੱਥਰ ਰਾਜਸਥਾਨ ਦੇ ਜੈਪੁਰ ਤੋਂ ਆਇਆ ਸੀ। ਸਿੱਖ ਰਾਜ ਦੇ ਰੋਜਨਾਮਚਿਆਂ ਵਿੱਚ ਸ਼ੇਰ ਏ ਪੰਜਾਬ ਸਰਕਾਰ ਰਣਜੀਤ ਸਿੰਘ ਵੱਲੋਂ ਫਰਵਰੀ 1835 ਵਿੱਚ ਕੀਤਾ ਗਿਆ ਇੱਕ ਹੁਕਮ ਮਿਲਦਾ ਹੈ:
“ਸਰਕਾਰ ਨੇ ਹੁਕਮ ਕੀਤਾ ਕਿ ਸ਼੍ਰੀ ਦਰਬਾਰ ਸਾਹਿਬ ਅਤੇ ਇਸ ਦੀ ਪਰਿਕਰਮਾ ਦੀ ਸਜਾਵਟ ਲਈ ਪੱਥਰ ਲਿਆਂਦਾ ਜਾਏ ਇਹ ਹੁਕਮ ਵਿੱਚ ਭਾਈ ਗੁਰਮੁਖ ਸਿੰਘ ਨੂੰ ਕਿਹਾ ਗਿਆ ਕਿ ਉਹ ਆਪਣੇ ਕਿਸੇ ਭਰੋਸੇਯੋਗ ਬੰਦੇ ਨੂੰ ਜੈਪੁਰ ਵੱਲ ਭੇਜਣ ਅਤੇ ਉਥੋਂ ਪੱਥਰ ਲਿਆ ਕੇ ਪਤਾ ਨਹੀਂ ਪਰਕਰਮਾ ਵਿਚ ਵਰਤਿਆ ਜਾਏ।”
ਸੰਖੇਪ ਟਿੱਪਣੀ
ਲਾਹੌਰ ਦੇ ਇਨ੍ਹਾਂ ਤਿੰਨਾਂ ਇਤਿਹਾਸਕਾਰਾਂ (ਚਿਸ਼ਤੀ, ਲਾਲ ਅਤੇ ਲਤੀਫ਼) ਦੀਆਂ ਲਿਖਤਾਂ ਬੇਸ਼ੱਕ ਬਹੁਤ ਕੀਮਤੀ ਹਨ, ਪਰ ਉਹਨਾਂ ਦੀ ਮਹੱਤਤਾ ਉਹ ਨਹੀਂ, ਜਿਸ ਤਰ੍ਹਾਂ ਇਸ ਨੂੰ ਸਮਝਿਆ ਗਿਆ। 1860 ਤੋਂ 1890 ਦੇ ਦਰਮਿਆਨ ਲਾਹੌਰ ਦੇ ਮੁਸਲਿਮ, ਸਿੱਖ ਅਤੇ ਹਿੰਦੂ ਅਸਥਾਨਾਂ ਦਾ ਉਹਨਾਂ ਦਾ ਸਮਕਾਲੀ ਵਰਣਨ ਬਹੁਤ ਹੀ ਸਪਸ਼ਟ ਵੇਰਵਿਆਂ ਨਾਲ ਭਰਪੂਰ ਹੈ, ਜੋ ਹੋਰ ਕਿਤੇ ਨਹੀਂ ਮਿਲਦਾ।
ਪੰਚਮ ਪਾਤਸ਼ਾਹ ਦੁਆਰਾ ਬਣਵਾਏ ਗਏ ਗੁਰਦੁਆਰਾ ਬਾਉਲੀ ਸਾਹਿਬ ਦੀ ਉਦਾਹਰਨ ਇਸ ਦਾ ਸਬੂਤ ਹੈ। ਸ਼ਾਹਜਹਾਂ ਦੇ ਰਾਜ ਦੌਰਾਨ ਇਸ ਨੂੰ ਢਾਹ ਦਿੱਤਾ ਗਿਆ ਸੀ, ਅਤੇ ਬਾਅਦ ਵਿੱਚ ਇਸ ਦੇ ਇੱਕ ਹਿੱਸੇ ਉੱਤੇ ਸੁਨਹਿਰੀ ਮਸਜਿਦ ਬਣਾਈ ਗਈ। ਮਹਾਰਾਜਾ ਰਣਜੀਤ ਸਿੰਘ ਨੇ ਡੱਬੀ ਬਾਜ਼ਾਰ ਵਿੱਚ ਇਸ ਦੀ ਮੁੜ ਉਸਾਰੀ ਕਰਵਾਈ ਸੀ, ਜਿਸ ਦਾ ਵਿਸਥਾਰਪੂਰਵਕ ਜ਼ਿਕਰ ਇਹਨਾਂ ਤਿੰਨਾਂ ਲੇਖਕਾਂ ਨੇ ਕੀਤਾ ਹੈ। ਹੁਣ ਉਹ ਗੁਰਦੁਆਰਾ ਅਤੇ ਬਉਲੀ ਮੌਜੂਦ ਨਹੀਂ ਹਨ, ਸਿਰਫ਼ ਸੁਨਹਿਰੀ ਮਸਜਿਦ ਦੇ ਪਿੱਛੇ ਇੱਕ ਪੁਰਾਣਾ ਬੋਹੜ ਦਾ ਦਰੱਖਤ ਹੀ ਬਾਕੀ ਬਚਿਆ ਹੈ। ਪਰ ਲਤੀਫ਼, ਲਾਲ ਅਤੇ ਚਿਸ਼ਤੀ ਦੀਆਂ ਲਿਖਤਾਂ ਸਦਕਾ ਇਸ ਦਾ ਵਿਸਥਾਰਪੂਰਵਕ ਵੇਰਵਾ ਅੱਜ ਵੀ ਜਿਉਂਦਾ ਹੈ।
ਇਨ੍ਹਾਂ ਦੇ ਭਾਵੇਂ ਉਸ ਵੇਲੇ ਮੌਜੂਦ ਅਸਥਾਨਾਂ ਦਾ ਵੇਰਵਾ ਚੰਗਾ ਦਿੱਤਾ ਹੈ, ਪਰ ਇਹ ਤਿੰਨੇ ਲਾਹੌਰ ਦੇ ਪੁਰਾਣੇ ਅਸਥਾਨਾਂ ਦੇ ਇਤਿਹਾਸ ਨਾਲ ਪੂਰਾ ਇਨਸਾਫ਼ ਨਹੀਂ ਕਰਦੇ। ਉਹਨਾਂ ਵੱਲੋਂ ਲਿਖਿਆ ਇਤਿਹਾਸ ਸਹੀ ਤਰਤੀਬ ਵਿੱਚ ਨਹੀਂ ਹੈ ਅਤੇ ਉਸ ਵਿੱਚ ਖੋਜ ਦੀ ਘਾਟ ਹੈ। ਅੱਜ ਪਾਕਿਸਤਾਨੀ ਇਤਿਹਾਸਕਾਰਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਲਾਹੌਰ ਅਤੇ ਪੰਜਾਬ ਦੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਨ, ਜੋ ਕਿ ਜ਼ੁਬਾਨੀ ਗੱਲਾਂ ਜਾਂ ਅੰਗਰੇਜ਼ਾਂ ਦੇ ਲਿਖੇ ਵੇਰਵਿਆਂ ਦੀ ਬਜਾਏ ਡੂੰਘੀ ਇਤਿਹਾਸਕ ਖੋਜ ‘ਤੇ ਅਧਾਰਤ ਹੋਵੇ। ਇਹ ਕਾਰਜ ਸੁਤੰਤਰ ਅਤੇ ਨਿਰਪੱਖ ਅਕਾਦਮਿਕ ਇਤਿਹਾਸਕਾਰਾਂ ਦੇ ਇੱਕ ਗੱਠਜੋੜ ਰਾਹੀਂ ਹੀ ਸੰਭਵ ਹੋ ਸਕਦਾ ਹੈ, ਜੋ ਸਿੱਖ ਰਾਜ ਦਾ ਗੰਭੀਰ ਅਧਿਐਨ ਕਰ ਸਕਣ, ਜਿਸ ਦੀ ਰਾਜਧਾਨੀ ਲਾਹੌਰ ਸੀ।
ਇਹ ਵੀ ਸਵੀਕਾਰ ਕਰਨ ਦੀ ਲੋੜ ਹੈ ਕਿ ਮੁਗਲ ਬਾਦਸ਼ਾਹ ਅਕਸਰ ਪੁਰਾਣੇ ਸਮਾਰਕਾਂ, ਜਿਨ੍ਹਾਂ ਵਿੱਚ ਹਿੰਦੂ, ਜੈਨ ਅਤੇ ਪੁਰਾਣੇ ਇਸਲਾਮੀ ਅਸਥਾਨ ਵੀ ਸ਼ਾਮਲ ਸਨ, ਦੀ ਸਮੱਗਰੀ ਨੂੰ ਨਵੇਂ ਮਹਿਲ ਅਤੇ ਕਿਲ੍ਹੇ ਬਣਾਉਣ ਲਈ ਮੁੜ ਵਰਤੋਂ ਵਿੱਚ ਲਿਆਉਂਦੇ ਸਨ। ਉੱਕਰੀ ਹੋਈ ਨੱਕਾਸ਼ੀ ਵਾਲੇ ਥੰਮ੍ਹ, ਲਿੰਟਲ (ਚੌਖਟ ਦੇ ਉੱਪਰਲੇ ਪੱਥਰ) ਅਤੇ ਹੋਰ ਪੱਥਰਾਂ ਨੂੰ ਤੋੜ ਕੇ ਦੁਬਾਰਾ ਵਰਤਿਆ ਜਾਂਦਾ ਸੀ, ਖ਼ਾਸ ਕਰਕੇ ਸ਼ੁਰੂਆਤੀ ਮੁਗਲ ਨਿਰਮਾਣ ਵਿੱਚ ਅਤੇ ਮੌਜੂਦਾ ਅਸਥਾਨਾਂ, ਜਿਵੇਂ ਕਿ ਲਾਹੌਰ ਕਿਲ੍ਹੇ ਨੂੰ ਸਜਾਉਣ ਜਾਂ ‘ਸੁਧਾਰਨ’ ਲਈ। ਸਰਕਾਰ ਰਣਜੀਤ ਸਿੰਘ ਨੇ ਸ਼ਾਇਦ ਪੁਰਾਣੇ ਸਮਾਰਕਾਂ ਦੇ ਹਿੱਸਿਆਂ ਨੂੰ ਨਵੀਆਂ ਗੈਰ-ਧਾਰਮਿਕ ਇਮਾਰਤਾਂ ਵਿੱਚ ਸ਼ਾਮਲ ਕਰਨ ਦੀ ਇਸ ਮੁਗਲ ਪਰੰਪਰਾ ਨੂੰ ਜਾਰੀ ਰੱਖਿਆ ਹੋਵੇ, ਅਤੇ ਕੁਝ ਅਸਥਾਨਾਂ ਵਿਚ ਕਿਸੇ ਇਮਾਰਤ ਦੇ ਕਿਸੇ ਹਿੱਸੇ ਨੂੰ ਵਰਤਿਆ ਵੀ ਹੋਵੇ।
ਅਫ਼ਸੋਸ ਦੀ ਗੱਲ ਇਹ ਹੈ ਕਿ ਸਰਕਾਰ ਰਣਜੀਤ ਸਿੰਘ ਦੀ ਕਿਰਦਾਰਕੁਸ਼ੀ ਕਰਨ ਲਈ ਆਪਣੇ ਵੱਲੋਂ ਗੱਲਾਂ ਘੜ ਕੇ ਸਰਕਾਰ ਅਤੇ ਸਿੱਖ ਰਾਜ ਖ਼ਿਲਾਫ਼ ਨਫ਼ਰਤ ਪੈਦਾ ਕੀਤੀ ਗਈ।
ਲਾਹੌਰ ਦਰਬਾਰ ਦੇ ਸਿੱਖ ਰਾਜ ਪ੍ਰਤੀ ਪੱਖਪਾਤ ਦੀਆਂ ਜੜ੍ਹਾਂ ਲਤੀਫ਼ ਦੀ ਮਸ਼ਹੂਰ, ਪਰ ਇਤਿਹਾਸਕ ਤੌਰ ‘ਤੇ ਗੁਮਰਾਹਕੁੰਨ, ਕਿਤਾਬ ਵਿੱਚ ਦੇਖੀਆਂ ਜਾ ਸਕਦੀਆਂ ਹਨ। ਹੁਣ ਸਮਾਂ ਆ ਗਿਆ ਹੈ ਕਿ ਲਾਹੌਰ ਦੇ ਇਤਿਹਾਸ ‘ਤੇ ਇੱਕ ਨਵੀਂ ਕਿਤਾਬ ਲਿਖੀ ਜਾਵੇ, ਜੋ ਸੁਤੰਤਰ ਅਤੇ ਚੰਗੀ ਇਤਿਹਾਸਕ ਖੋਜ ‘ਤੇ ਅਧਾਰਤ ਹੋਵੇ।
(ਇਹ ਡਾ. ਤਰੁਨਜੀਤ ਸਿੰਘ ਬੁਤਾਲੀਆ ਦੇ ਅੰਗਰੇਜ਼ੀ ਵਿੱਚ ਲਿਖੇ ਲੇਖ ਦਾ ਪੰਜਾਬੀ ਅਨੁਵਾਦ ਹੈ। ਅੰਗਰੇਜ਼ੀ ਲੇਖ ਪੜ੍ਹਨ ਲਈ ਇੱਥੇ ਕਲਿਕ ਕਰੋ।)
ਜੀਵੇ ਸਾਂਝਾ ਪੰਜਾਬ ਵੱਲੋਂ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਵਿਰਾਸਤ ਅਤੇ ਬੋਲੀ ਦੇ ਵਿਸ਼ੇ ਤੇ ਕਈ ਉਪਰਾਲੇ ਕੀਤੇ ਜਾਂਦੇ ਹਨ। ਵਧੇਰੀ ਜਾਣਕਾਰੀ ਲਈ ਇੱਥੇ ਕਲਿਕ ਕਰੋ।


Leave a Reply