ਗੁਰਮੁਖੀ ਤੋਂ ਬਿਨਾ ਪੰਜਾਬੀ ਬੋਲੀ ਦੀ ਹੋਂਦ ਨਹੀਂ ਬਚ ਸਕਦੀ

ਕਿਸੇ ਵੀ ਬੋਲੀ ਨੇ ਜੇਕਰ ਬਚਣਾ ਹੈ ਤਾਂ ਉਸ ਲਈ ਲਿਪੀ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਬੋਲੀ ਦੀ ਰੂਹ ਉਸ ਦੇ ਸ਼ਬਦਾਂ ਵਿੱਚ ਹੁੰਦੀ ਹੈ, ਪਰ ਉਸ ਦਾ ਸਰੀਰ ਉਸ ਦੀ ਲਿੱਪੀ ਹੀ ਹੁੰਦੀ ਹੈ, ਜੋ ਉਸ ਰੂਹ ਨੂੰ ਦੁਨੀਆ ਅੱਗੇ ਪੇਸ਼ ਕਰ ਸਕਦਾ ਹੈ। ਪੰਜਾਬੀ ਬੋਲੀ ਲਈ ਇਸ ਵੇਲੇ ਚੜ੍ਹਦੇ ਪੰਜਾਬ ਵਿੱਚ ਗੁਰਮੁਖੀ ਲਿਪੀ ਅਤੇ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਮੇਰਾ ਮੰਨਣਾ ਇਹ ਹੈ ਕਿ ਪੰਜਾਬੀ ਲਈ ਗੁਰਮੁਖੀ ਸਿਰਫ਼ ਇੱਕ ਲਿਖਣ ਦਾ ਸਾਧਨ ਨਹੀਂ, ਸਗੋਂ ਇਸਦੇ ਸੱਭਿਆਚਾਰ, ਇਤਿਹਾਸ ਅਤੇ ਵਿਰਾਸਤ ਦੀ ਨਿਸ਼ਾਨੀ ਹੈ। ਪੰਜਾਬੀ ਦੀ ਹੋਂਦ ਗੁਰਮੁਖੀ ਦੇ ਨਾਲ ਹੀ ਬਚ ਸਕਦੀ ਹੈ। 

ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਗੁਰਮੁਖੀ ਲਿਪੀ ਦੀ ਰਚਨਾ ਗੁਰੂ ਅੰਗਦ ਸਾਹਿਬ ਜੀ ਨੇ ਕੀਤੀ ਸੀ, ਅਤੇ ਸ਼ਾਹਮੁਖੀ ਵਿੱਚ ਉਸ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਨੇ ਲਿਖਿਆ ਹੈ। ਸੋ ਸ਼ਾਹਮੁਖੀ ਪੁਰਾਣੀ ਹੈ ਅਤੇ ਗੁਰਮੁਖੀ ਬਾਅਦ ਵਿੱਚ ਬਣੀ ਨਵੀਂ ਲਿਪੀ ਹੈ। ਪਰ ਖੋਜ ਦੱਸਦੀ ਹੈ ਕਿ ਗੁਰਮੁਖੀ ਦੇ ਅੱਖਰ ਪੰਜਾਬ ਦੀ ਧਰਤੀ ‘ਤੇ ਸਦੀਆਂ ਤੋਂ ਮੌਜੂਦ ਸਨ।

ਗੁਰਮੁਖੀ ਲਿਪੀ ਹੀ ਪੰਜਾਬ ਦੀ ਪੁਰਾਤਨ ਲਿੱਪੀ ਹੈ

ਈ ਪੀ ਨਿਉਟਨ ਕਹਿੰਦੇ ਹਨ ਕਿ ਗੁਰਮੁਖੀ ਲਿਪੀ ਦੇ 35 ਵਿਚੋਂ ਕਰੀਬ 21 ਅੱਖਰ ਥੋੜ੍ਹੇ ਬਹੁਤ ਫ਼ਰਕ ਨਾਲ ਪੰਜਾਬ ਦੇ ਪੁਰਾਤਨ ਸ਼ਿਲਾਲੇਖਾਂ ਵਿੱਚ ਮਿਲਦੇ ਹਨ। ਛੇ ਅੱਖਰ ਦਸਵੀਂ ਸਦੀ ਦੇ, 12 ਅੱਖਰ ਤੀਜੀ ਸਦੀ ਈਸਾ ਪੂਰਬ ਦੇ ਅਤੇ 3 ਅੱਖਰ ਪੰਜਵੀਂ ਸਦੀ ਈਸਾ ਪੂਰਬ ਵਿੱਚ ਮਿਲ ਜਾਂਦੇ ਹਨ। ਇਸ ਤੋਂ ਇੰਨਾ ਤੇ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਪੰਜਾਬ ਵਿੱਚ ਇਹ ਕੋਈ ਨਵੇਂ ਅੱਖਰ ਨਹੀਂ ਸੀ ਆਏ, ਇਹ ਪਹਿਲਾਂ ਤੋਂ ਮੌਜੂਦ ਹਨ। ਪੰਜਾਬ ਵਿੱਚ ਪਹਿਲਾਂ ਤੋਂ ਮੌਜੂਦ ਟਾਕਰੀ ਲਿਪੀ ਨਾਲ ਗੁਰਮੁਖੀ ਦੇ 35 ਵਿਚੋਂ 27 ਅੱਖਰ ਮੇਲ ਖਾਂਦੇ ਹਨ, ਜਿਨ੍ਹਾਂ ਵਿਚੋਂ 15 ਅੱਖਰ ਤਾਂ ਜਿਉਂ ਦੇ ਤਿਉਂ ਹਨ। ਬਾਕੀ 12 ਥੋੜ੍ਹੇ ਬਹੁਤੇ ਫ਼ਰਕ ਨਾਲ ਹਨ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਪੱਟੀ ਵਿੱਚ ਉਸ ਸਮੇਂ ਦੇ ਪ੍ਰਚਲਤ ਅੱਖਰਾਂ ਦੀ ਵਰਤੋਂ ਕੀਤੀ। ਇਹ ਅੱਖਰ ਇਹੀ ਗੁਰਮੁਖੀ ਲਿਪੀ ਦੇ ਅੱਖਰ ਸਨ। ਸ੍ਰੀ ਗੁਰੂ ਅੰਗਦ ਸਾਹਿਬ ਜੀ ਸ਼ਾਇਦ ਇਸ ਲਿਪੀ ਵਿੱਚ ਸੋਧ ਕੀਤੀ ਹੋਵੇ। History of Indigenous Education in Punjab ਵਿਚ ਜੀ ਡਬਲਿਊ ਲੇਟਿਨਰ ਕਹਿੰਦੇ ਹਨ ਕਿ ਹੋ ਸਕਦਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਕੋਈ ਗੁਰਮੁਖੀ ਕਾਇਦਾ ਤਿਆਰ ਕੀਤਾ ਹੋਵੇ: “Guru Angad did not consider it beneath his dignity to write primers for children, and he accordingly composed a number of mottos and moral maxims which accompany the letters of the alphabet.”

ਇਸ ਦਾ ਨਾਮ ਗੁਰਮੁਖੀ ਗੁਰੂ ਸਾਹਿਬ ਦੇ ਵੇਲੇ ਤੋਂ ਪੈ ਗਿਆ ਸੀ, ਇਹ ਤਕਰੀਬਨ ਸਪੱਸ਼ਟ ਹੈ। ਜਨਮ ਸਾਖੀਆਂ  ਵਿੱਚ ‘ਗੁਰਮੁਖੀ’ ਸ਼ਬਦ ਬੰਦੇ ਅਤੇ ਅੱਖਰ ਦੋਵਾਂ ਲਈ ਆਇਆ। ਜਿਵੇਂ:

“ਗੁਰੂ ਅੰਗਦ ਕਹਿਆ ਭਾਈ ਲਾਲ ਪਨੂੰ! ਤੂੰ ਸਿੱਖ ਹੈਂ, ਗੁਰਮੁਖੀ ਹੈਂ, ਭਾਈ ਬਾਲੇ ਨਾਲਿ ਜਾਹਿ ਤਲਵੰਡੀ। ਗੁਰੂ ਨਾਨਕ ਦੀ ਜਨਮ ਪੱਤਰੀ ਲੈ ਆਉ।”

ਇਕ ਹੋਰ ਮਿਸਾਲ ਲਈਏ ਤੇ ਗੁਰੂ ਸਾਹਿਬ ਭਾਈ ਪੈੜੇ ਮੋਖੇ ਨੂੰ ਕਹਿੰਦੇ ਹਨ: “ਪੈੜਿਆ, ਇਹ ਅਸਾਨੂੰ ਗੁਰਮੁਖੀ ਅੱਛਰੀਂ ਲਿਖ ਦੇਹਿ।”

ਸੋ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਅੱਖਰ ਪਹਿਲਾਂ ਤੋਂ ਮੌਜੂਦ ਸਨ, ਅਤੇ ਇਨ੍ਹਾਂ ਲਈ ਗੁਰਮੁਖੀ ਸ਼ਬਦ ਦੀ ਵਰਤੋਂ ਗੁਰੂ ਸਾਹਿਬ ਦੇ ਵੇਲੇ ਤੋਂ ਹੋਣੀ ਸ਼ੁਰੂ ਹੋਈ।

ਗੁਰਮੁਖੀ ਲਿਪੀ ਦੇ ਅੱਖਰ ਗੋਇੰਦਵਾਲ ਸਾਹਿਬ ਦੀਆਂ ਪੋਥੀਆਂ ਵਿਚ
(ਗੁਰਮੁਖੀ ਲਿਪੀ ਦੇ ਅੱਖਰ ਗੋਇੰਦਵਾਲ ਸਾਹਿਬ ਦੀਆਂ ਪੋਥੀਆਂ ਵਿਚ)

ਸੋ ਇੱਥੇ ਵਿਚਾਰਯੋਗ ਗੱਲ ਇਹ ਹੈ ਕਿ ਜਿਵੇਂ ਕਿ ਗੁਰਮੁਖੀ ਲਿਪੀ ਨੂੰ ਕੇਵਲ ਸਿੱਖਾਂ ਦੀ ਲਿੱਪੀ ਕਹਿ ਕੇ ਰੱਦ ਕਰ ਦਿੱਤਾ ਜਾਂਦਾ ਹੈ, ਕੀ ਇਹ ਵਾਕਈ ਸਿੱਖਾਂ ਦੀ ਹੀ ਲਿਪੀ ਹੈ, ਜਾਂ ਪੰਜਾਬ ਦੀ ਪੁਰਾਣੀ ਲਿਪੀ? ਇਤਿਹਾਸਕ ਹਵਾਲਿਆਂ ਵਿੱਚ ਬਹੁਤਾ ਡੂੰਘਾ ਨਾ ਵੀ ਜਾਈਏ, ਉਤਲੀ ਨਜ਼ਰੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਲਿਪੀ ਪੰਜਾਬ ਵਿੱਚ ਸਦੀਆਂ ਤੋਂ ਮੌਜੂਦ ਹੈ।

ਜੇਕਰ ਇਹ ਗੁਰੂ ਸਾਹਿਬ ਵੱਲੋਂ ਬਣਾਈ ਹੋਈ ਵੀ ਹੁੰਦੀ, ਤਾਂ ਵੀ ਇਹ ਇਸ ਧਰਤੀ ਦੇ ਅੱਖਰ ਹਨ ਅਤੇ ਇਸ ਧਰਤੀ ਦੀ ਬੋਲੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਤਾਂ ਵੀ ਇਸ ਅਪਨਾਇਆ ਜਾਣਾ ਚਾਹੀਦਾ ਸੀ ਅਤੇ ਹੁਣ ਵੀ ਅਪਨਾਇਆ ਜਾਣਾ ਚਾਹੀਦਾ ਹੈ। ਜੇਕਰ ਸਾਨੂੰ ਬਾਹਰੋਂ ਆਏ ਨਸਤਲੀਕ ਦੇ ਅੱਖਰ ਅਪਨਾਉਣ ਵਿਚ ਕੋਈ ਦਿੱਕਤ ਨਹੀਂ, ਇਹ ਤੇ ਫਿਰ ਸਾਡੀ ਧਰਤੀ ਦੇ ਅੱਖਰ ਹਨ।

1947 ਦੀ ਵੰਡ ਅਤੇ ਸ਼ਾਹਮੁਖੀ

ਅਸਲ ਵਿੱਚ ਇਹ ਫ਼ਾਰਸੀ ਅੱਖਰਾਂ ਨੂੰ ਵਰਤ ਕੇ ਪੰਜਾਬੀ ਲਿਖਣਾ ਹੀ ਹੈ। ਉਨ੍ਹਾਂ ਹੀ ਅੱਖਰਾਂ ਨੂੰ ਵਰਤ ਕੇ ਫ਼ਿਰ ਹਿੰਦੁਸਤਾਨੀ ਬੋਲੀ ਨੂੰ ਲਿਖਿਆ ਗਿਆ ਤੇ ਉਸ ਨੂੰ ਉਰਦੂ ਨਾਮ ਦਿੱਤਾ ਗਿਆ। ਇਹ ਇਕ ਸੌਖ ਵਿੱਚੋਂ ਨਿਕਲਿਆ ਢੰਗ ਹੈ, ਜਿਵੇਂ ਅੱਜ ਅਸੀਂ ਵ੍ਹਟਸਐਪ ਤੇ ਚੈਟ ਕਰਦੇ ਹੋਏ ਰੋਮਨ ਅੱਖਰ ਵਰਤ ਕੇ ਪੰਜਾਬੀ ਲਿਖ ਲੈਂਦੇ ਹਾਂ। ਉਵੇਂ ਹੀ ਫ਼ਾਰਸੀ ਅੱਖਰ ਵਰਤ ਕੇ ਪੰਜਾਬੀ ਲਿਖੀ ਜਾਂਦੀ ਸੀ।

ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ ਨੇ ਸ਼ਾਹਮੁਖੀ ਦੇ ਇਨ੍ਹਾਂ ਅੱਖਰਾਂ ਨੂੰ ਵਰਤ ਕੇ ਆਪਣੀ ਬਾਣੀ ਲਿਖੀ ਸੀ। ਪਰ ਇਸ ਦਾ ਨਾ ਕੋਈ ਇਤਿਹਾਸਕ ਹਵਾਲਾ ਮਿਲਦਾ ਹੈ ਅਤੇ ਨਾ ਕੋਈ ਮੂਲ ਖਰੜਾ। ਬਾਬਾ ਫ਼ਰੀਦ ਜੀ ਦੀ ਬਾਣੀ ਉਹੀ ਬਚੀ, ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਦੇ ਗੱਡੀ ਨਸ਼ੀਨ ਸ਼ੇਖ ਇਬਰਾਹਿਮ ਜੀ ਤੋਂ ਪਾਕਪੱਤਣ ਨੇੜੇ ਟਿੱਕਾ ਨਾਨਕਸਰ ਦੀ ਧਰਤੀ ਤੇ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹੋਈ, ਹੋਰ ਕੋਈ ਲਿਖਤ ਬਾਬਾ ਫ਼ਰੀਦ ਜੀ ਦੀ ਨਹੀਂ ਮਿਲਦੀ। ਬੱਸ ਇੱਕ ਮੰਨਣਾ ਹੈ ਕਿ ਮੁਸਲਮਾਨ ਸੀ ਤੇ ਇਹੀ ਅੱਖਰ ਵਰਤੇ ਹੋਣਗੇ।

ਬਾਅਦ ਵਿੱਚ ਕਈ ਹੋਰ ਸੂਫ਼ੀ ਸ਼ਾਇਰਾਂ ਨੇ ਜ਼ਰੂਰ ਇਨ੍ਹਾਂ ਦੀ ਵਰਤੋਂ ਕੀਤੀ ਹੈ। ਬਾਬਾ ਵਾਰਿਸ ਸ਼ਾਹ ਦੀ ਹੀਰ ਦਾ 1860 ਦਾ ਇੱਕ ਖਰੜਾ ਮਿਲਦਾ ਹੈ। ਕਵੀ ਕਾਦਰ ਯਾਰ ਨੇ ਜਦੋਂ ਸਰਦਾਰ ਹਰੀ ਸਿੰਘ ਨਲੂਆ ਅਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਸਿਫ਼ਤ ਵਿਚ ਸਿੰਹਰਫੀਆਂ ਲਿਖੀਆਂ ਤੇ ਉਹ ਅਲਫ਼ ਬੇ ਪੇ ਤੋਂ ਹਰ ਸ਼ੇਅਰ ਦੀ ਸ਼ੁਰੂਆਤ ਕਰਦੇ ਹਨ, ਸੋ ਬੇਸ਼ਕ ਉਹ ਲਿਖਤਾਂ ਇਨ੍ਹਾਂ ਅੱਖਰਾਂ ਵਿੱਚ ਹੋਣਗੀਆਂ। ਬਾਬਾ ਬੁੱਲ੍ਹੇ ਸ਼ਾਹ ਜਦੋਂ ਕਹਿੰਦੇ ਹਨ:

“ਅਲਫ਼ ਅੱਲਾਹ ਰੱਤਾ ਦਿਲ ਮੇਰਾ,

ਬੇ ਦੀ ਖ਼ਬਰ ਨਾ ਕਾਈ।

ਐਨ ਤੇ ਗ਼ੈਨ ਦਾ ਫ਼ਰਕ ਨਾ ਜਾਣਾ,

ਗੱਲ ਅਲਫ਼ ਸਮਝਾਈ।”

ਤਾਂ ਬੇਸ਼ਕ ਉਨ੍ਹਾਂ ਨੇ ਵੀ ਇਹ ਲਿਖਦਿਆਂ ਇਨ੍ਹਾਂ ਅੱਖਰਾਂ ਵੀ ਵਰਤੋਂ ਕੀਤੀ ਹੋਵੇਗੀ

ਪਰ ਇਸ ਸਿਰਫ਼ ਉਨ੍ਹਾਂ ਅੱਖਰਾਂ ਵਿੱਚ ਪੰਜਾਬੀ ਲਿਖਣਾ ਹੀ ਸੀ, ਇਸ ਦਾ ਕੋਈ ਪੱਕਾ ਰੂਪ ਨਹੀਂ ਸੀ, ਨਾ ਹੀ ਨਾਮ ਸੀ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿੱਚ ਵੀ ਸ਼ਾਹਮੁਖੀ ਸ਼ਬਦ ਦਾ ਕੋਈ ਜ਼ਿਕਰ ਨਹੀਂ ਮਿਲਦਾ। 1947 ਦੀ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਵਿਚੋਂ ਗੁਰਮੁਖੀ ਲਿਪੀ ਬਿਲਕੁਲ ਹੀ ਖਤਮ ਕਰ ਦਿੱਤੀ ਗਈ। ਕੁਝ ਸਮੇਂ ਬਾਅਦ ਇਹ ਸ਼ਾਹਮੁਖੀ ਸ਼ਬਦ ਘੜਿਆ ਗਿਆ, ਪਰ ਇਸ ਨੂੰ ਪੰਜਾਬੀ ਦੀ ਲੋੜ ਮੁਤਾਬਕ ਢਾਲਣ ਵਾਸਤੇ ਫਿਰ ਵੀ ਕੋਈ ਕੰਮ ਨਾ ਕੀਤਾ ਗਿਆ। ਪੰਜਾਬੀ ਦੀਆਂ ਮੂਲ ਆਵਾਜ਼ਾਂ ਙ ਅਤੇ ਞ ਲਈ ਇਸ ਵਿੱਚ ਕੋਈ ਅੱਖਰ ਨਾ ਹੋਣ ਕਰਕੇ ਇਹ ਆਵਾਜ਼ਾਂ ਲਿਖਣੀਆਂ ਹੀ ਮੁਮਕਿਨ ਨਹੀਂ ਹੁੰਦੀਆਂ। ਣ ਅਤੇ ਲ਼ ਵਾਸਤੇ ਜ਼ਰੂਰ 2 ਅੱਖਰ ਸ਼ਾਮਲ ਕੀਤੇ ਗਏ ਹਨ ਜਿਹੜੇ ਉਰਦੂ ਜਾਂ ਫ਼ਾਰਸੀ ਵਿੱਚ ਮੌਜੂਦ ਨਹੀਂ।

ਪੰਜਾਬੀ ਵਿੱਚ 10 ਸਵਰ ਹਨ। ਗੁਰਮੁਖੀ ਲਿਪੀ ਦੀਆਂ ਲਗਾਂ-ਮਾਤਰਾਂ (ਕੰਨਾ, ਸਿਆਰੀ, ਬਿਹਾਰੀ ਆਦਿ) ਇਨ੍ਹਾਂ ਨੂੰ ਪੂਰੀ ਸਪਸ਼ਟਤਾ ਨਾਲ ਲਿਖਦੀਆਂ ਹਨ। ਸ਼ਾਹਮੁਖੀ ਵਿੱਚ ‘ਜ਼ੇਰ, ਜ਼ਬਰ, ਪੇਸ਼’ ਇੰਨੇ ਵਿਸਥਾਰ ਨਾਲ ਇਹ ਕੰਮ ਨਹੀਂ ਕਰ ਸਕਦੇ। ਸ਼ਾਹਮੁਖੀ ਵਿੱਚ ਇੱਕ ਆਵਾਜ਼ ਲਈ ਕਈ ਅੱਖਰ ਜਾਂ ਇੱਕ ਅੱਖਰ ਦੀਆਂ ਇਕ ਤੋਂ ਵਧ ਆਵਾਜ਼ਾਂ ਹਨ, ਜਿਸ ਦੀ ਪੰਜਾਬੀ ਬੋਲੀ ਵਿੱਚ ਲੋੜ ਨਹੀਂ ਹੈ। ਗੁਰਮੁਖੀ ਦਾ ਹਰ ਅੱਖਰ ਆਪਣੀ ਆਜ਼ਾਦ ਅਲਗ ਹੋਂਦ ਰੱਖਦਾ ਹੈ, ਅਤੇ ਆਪਣੀ ਆਵਾਜ਼ ਹੈ, ਜੋ ਪੰਜਾਬੀ ਬੋਲੀ ਦੀਆਂ ਲੋੜਾਂ ਮੁਤਾਬਕ ਢੁਕਵਾਂ ਹੈ।

ਸੋਚੋ, ਲਹਿੰਦੇ ਪੰਜਾਬ ਵਿਚ ਦੁਨੀਆ ਦੇ ਸਭ ਤੋਂ ਵੱਧ ਪੰਜਾਬੀ ਰਹਿੰਦੇ ਹਨ, ਜਿਨ੍ਹਾਂ ਦੀ ਗਿਣਤੀ 13 ਕਰੋੜ ਤੋਂ ਵੱਧ ਹੈ। ਗੁਰਮੁਖੀ ਲਿਪੀ ਤਾਂ ਖ਼ੈਰ ਉਂਗਲਾਂ ਦੇ ਗਿਣਨ ਵਾਲੇ ਕੁਝ ਕੁ ਲੋਕਾਂ ਨੂੰ ਆਉਂਦੀ ਹੋਵੇਗੀ। ਸ਼ਾਹਮੁਖੀ ਦੀ ਵੀ ਜੇਕਰ ਗੱਲ ਕਰੀਏ ਤੇ ਬਹੁਤੀਆਂ ਨੂੰ ਇਹ ਵੀ ਨਹੀਂ ਪਤਾ ਕਿ ਸ਼ਾਹਮੁਖੀ ਵੀ ਕੋਈ ਲਿਪੀ ਹੈ, ਉਨ੍ਹਾਂ ਨੂੰ ਇਹੀ ਲੱਗਦਾ ਹੈ ਕਿ ਅਸੀਂ ਉਰਦੂ ਦੇ ਅੱਖਰਾਂ ਵਿੱਚ ਪੰਜਾਬੀ ਲਿਖਦੇ ਹਾਂ। ਮੈਨੂੰ ਨਹੀਂ ਲੱਗਦਾ ਕਿ 13 ਕਰੋੜ ਵਿੱਚ ਇੱਕ ਹਜ਼ਾਰ ਨੂੰ ਵੀ ਇਹ ਪਤਾ ਹੋਵੇ ਕਿ ਸ਼ਾਹਮੁਖੀ ਕੀ ਹੈ? ਇਸ ਦਾ ਪ੍ਰਚਾਰ ਬੱਸ ਇੱਕ ਨਿੱਕੇ ਜਿਹੇ ਘੇਰੇ ਤੱਕ ਹੀ ਮਹਿਦੂਦ ਹੈ। 

ਲਹਿੰਦੇ ਪੰਜਾਬ ਦੇ ਲੋਕਾਂ ਲਈ ਗੁਰਮੁਖੀ ਲਿਪੀ ਸਿੱਖਣਾ ਇਸ ਖਿੱਤੇ ਵਿਚ ਪੰਜਾਬੀ ਦੀ ਹੋਂਦ ਦਾ ਸਵਾਲ ਹੈ। ਦੂਜੇ ਪਾਸੇ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਸ਼ਾਹਮੁਖੀ ਲਿਪੀ ਸਿੱਖਣਾ ਪੰਜਾਬੀ ਦੀ ਹੋਂਦ ਨਾਲ ਜੁੜਿਆ ਤੇ ਨਹੀਂ ਹੈ, ਪਰ ਜੇਕਰ ਉਹ ਪੰਜਾਬ ਦੇ ਮਹਾਨ ਸੂਫ਼ੀ ਸ਼ਾਇਰਾਂ ਨੂੰ ਉਨ੍ਹਾਂ ਹੀ ਮੂਲ ਅੱਖਰਾਂ ਵਿੱਚ ਪੜ੍ਹਨਾ ਚਾਹੁੰਦੇ ਹਨ, ਜਿਵੇਂ ਉਨ੍ਹਾਂ ਨੇ ਲਿਖਿਆ ਸੀ, ਤਾਂ ਉਨ੍ਹਾਂ ਨੂੰ ਜ਼ਰੂਰ ਸਿੱਖਣੀ ਚਾਹੀਦੀ ਹੈ। ਨਾਲ ਹੀ ਸ਼ਾਹਮੁਖੀ ਹਰ ਉਸ ਬੰਦੇ ਲਈ ਜ਼ਰੂਰ ਹੈ, ਜਿਹੜਾ ਫ਼ਾਰਸੀ ਸਿੱਖਣਾ ਚਾਹੁੰਦਾ ਹੈ, ਅਤੇ ਸਿੱਖ ਇਤਿਹਾਸ ਦੇ ਫ਼ਾਰਸੀ ਸ੍ਰੋਤ ਪੜ੍ਹਨਾ ਚਾਹੁੰਦਾ ਹੈ। ਸ਼ਾਹਮੁਖੀ ਸਿੱਖ ਕੇ ਫ਼ਿਰ ਫ਼ਾਰਸੀ ਵੱਲ ਜਾਣਾ, ਸਫ਼ਰ ਨੂੰ ਸੌਖਾ ਕਰਦਾ ਹੈ।

ਜੀਵੇ ਸਾਂਝਾ ਪੰਜਾਬ ਵੱਲੋਂ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਈ ਕਲਾਸਾਂ ਲਾਈਆਂ ਜਾਂਦੀਆਂ ਨੇ, ਤੁਸੀਂ www.jeevaysanjhapunjab.com ਤੇ ਜਾ ਕੇ ਇਨ੍ਹਾਂ ਕਲਾਸਾਂ ਲਈ ਰਜਿਸਟਰ ਕਰ ਸਕਦੇ ਹੋ।

About Author

Purva Masaud is founder and director of Jeevay Sanjha Punjab. In her leadership, we work on reconnecting the Punjabi diaspora through shared history and dialogue to preserve the history, heritage, language, and culture of Punjab.

Comments

3 responses to “ਗੁਰਮੁਖੀ ਤੋਂ ਬਿਨਾ ਪੰਜਾਬੀ ਬੋਲੀ ਦੀ ਹੋਂਦ ਨਹੀਂ ਬਚ ਸਕਦੀ”

  1. Parminder Singh Soch Avatar
    Parminder Singh Soch

    ਜਾਣਕਾਰੀ ਭਰਪੂਰ ਅਤੇ ਖੋਜ ਅਦਾਰਿਤ ਲੇਖ। ਲੇਖਕਾ ਨੇ ਬੜੀ ਮਿਹਨਤ ਨਾਲ ਇਹ ਖੋਜ ਪੇਪਰ ਲਿਖਿਆ ਹੈ। ਉਹ ਮੁਬਾਰਕ ਦੀ ਹੱਕਦਾਰ ਹੈ।

    1. Jaskaran Singh Avatar
      Jaskaran Singh

      ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਲਿਖ਼ਤ। ਤੁਹਾਡਾ ਬਹੁਤ ਧੰਨਵਾਦ ਇਹ ਲਿਖਤ ਸਾਂਝੀ ਕਰਨ ਲਈ।

  2. ਬਲਵਿੰਦਰਪਾਲ ਸਿੰਘ ਖਾਲਸਾ Avatar
    ਬਲਵਿੰਦਰਪਾਲ ਸਿੰਘ ਖਾਲਸਾ

    ਬਾ- ਕਮਾਲ ਲਿਖਤ ਹੈ, ਜਿਸ ਲਈ ਮੇਹਨਤ ਕੀਤੀ ਗਈ ਹੈ.. ਗੁਰਮੁਖੀ ਤੇ ਸ਼ਾਹਮੁੱਖੀ ਇੱਕ ਦੂਜੇ ਦੀਆਂ ਪੂਰਕ – ਭੈਣਾਂ ਜਾਪਦੀਆਂ ਹਨ…
    ਪਰ ਗੁਰਮੁਖੀ ਲਿੱਪੀ ਤੋਂ ਬਿਨਾਂ ਪੰਜਾਬੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ…

Leave a Reply to ਬਲਵਿੰਦਰਪਾਲ ਸਿੰਘ ਖਾਲਸਾ Cancel reply

Your email address will not be published. Required fields are marked *