ਬਰਤਾਨਵੀ ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ 13 ਦਸੰਬਰ 1845 ਨੂੰ ਸਿੱਖਾਂ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਅਤੇ ਖ਼ਾਲਸਾ ਰਾਜ ਦੇ ਸਤਲੁਜ ਪਾਰ ਦੇ ਇਲਾਕਿਆਂ ਨੂੰ ਜ਼ਬਤ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਆਪਣੇ ਰਾਜ ਦੀ ਰਾਖੀ ਲਈ ਖ਼ਾਲਸਾ ਫੌਜਾਂ ਨੇ 14 ਅਤੇ 15 ਦਸੰਬਰ ਨੂੰ ਸਤਲੁਜ ਦਰਿਆ ਪਾਰ ਕਰ ਕੇ ਦਰਿਆ ਤੋਂ ਪਾਰ ਦੇ ਆਪਣੇ ਇਲਾਕਿਆਂ ਵਿੱਚ ਡੇਰੇ ਲਾ ਲਏ। ਉਧਰ ਅੰਗਰੇਜ਼ਾਂ ਦੀ ਅੰਬਾਲੇ ਅਤੇ ਲੁਧਿਆਣੇ ਤੋਂ ਤੁਰੀ ਫ਼ੌਜ 17 ਦਸੰਬਰ ਨੂੰ ਚੜਿਕ ਪਿੰਡ ਦੇ ਕੋਲ ਆਪਸ ਵਿੱਚ ਮਿਲ ਗਈ ਅਤੇ ਅੱਗੇ ਵੱਧ ਕੇ ਪਿੰਡ ਮੁਦਕੀ ਕੋਲ ਆ ਪਹੁੰਚੀ।
ਉੱਧਰ ਖ਼ਾਲਸਾ ਫ਼ੌਜ ਤੱਕ ਇਹ ਖ਼ਬਰ 17 ਦਸੰਬਰ ਨੂੰ ਪਹੁੰਚ ਗਈ ਕਿ ਗਵਰਨਰ ਜਨਰਲ ਇੱਕ ਵੱਡੀ ਫ਼ੌਜ ਸਣੇ ਮੁਦਕੀ ਰਾਹੀਂ ਫਿਰੋਜ਼ਪੁਰ ਵੱਲ ਜਾ ਰਿਹਾ ਹੈ। ਫ਼ੈਸਲਾ ਹੋਇਆ ਕਿ ਲਾਲ ਸਿੰਘ ਆਪਣੀ ਇਰੈਗੁਲਰ ਘੋੜਸਵਾਰ ਫ਼ੌਜ ਅਤੇ ਰੈਗੂਲਰ ਫ਼ੌਜ ਦੀਆਂ ਤਿੰਨ ਬ੍ਰਿਗੇਡ ਸਮੇਤ, ਕੁੱਲ ਤਕਰੀਬਨ 12 ਹਜ਼ਾਰ ਫ਼ੌਜ ਨਾਲ ਅੱਗੇ ਵੱਧ ਕੇ ਗਵਰਨਰ ਜਰਨਲ ਦੇ ਸਾਮਣੇ ਆਪਣਾ ਕੈਂਪ ਲਾ ਲਵੇ। ਇਸ ਫ਼ੌਜ ਵਿੱਚ ਕਰੀਬ 10 ਹਜ਼ਾਰ ਘੁੜਸਵਾਰ ਅਤੇ 2000 ਪੈਦਲ (ਇਨਫੈਂਟਰੀ) ਸੀ ਅਤੇ 22 ਦੇ ਕਰੀਬ ਤੋਪਾਂ ਸਨ। ਲਾਲ ਸਿੰਘ ਨੇ ਜਾਣ ਬੁੱਝ ਕੇ ਰੈਗੂਲਰ ਇਨਫੈਂਟਰੀ ਘੱਟ ਰੱਖੀ ਅਤੇ ਬਹੁਤੀ ਆਪਣੀ ਘੁੜਸਵਾਰ ਫ਼ੌਜ ਹੀ ਰੱਖੀ, ਤਾਂ ਕਿ ਥੋੜ੍ਹੀ ਇਨਫੈਂਟਰੀ ਨੂੰ ਅੰਗਰੇਜ਼ਾਂ ਕੋਲੋਂ ਆਪ ਕਰਵਾਇਆ ਜਾ ਸਕੇ। ਇਤਿਹਾਸਕਾਰ ਜੌਹਨ ਐਮ. ਲੁਡਲੋ ਨੇ ਲਿਖਿਆ ਹੈ:
Had he (Lal Singh) attacked, our garrison of 8,000 men at Ferozepur would have been destroyed and the victorious 60000 would have fallen on Sir Henry Hardinge who had then but 8000. So utterly unprepared were we that even the treachery of one of our enemies scarcely sufficed to save us.
ਅਨੁਵਾਦ: ਜੇਕਰ ਲਾਲ ਸਿੰਘ ਫਿਰੋਜ਼ਪੁਰ ਤੇ ਹਮਲਾ ਕਰ ਦਿੰਦਾ, ਤਾਂ ਉੱਥੇ ਅੰਗਰੇਜ਼ਾਂ ਦੀ 8000 ਫ਼ੌਜ ਖ਼ਤਮ ਹੋ ਜਾਂਦੀ ਅਤੇ ਜੇਤੂ 6000 ਖ਼ਾਲਸਾ ਫ਼ੌਜ ਹਾਰਡਿੰਗ ਉੱਤੇ ਟੁੱਟ ਪੈਂਦੀ, ਜਿਸ ਦੇ ਕੋਲ ਸਿਰਫ਼ 8000 ਫ਼ੌਜ ਸੀ। ਅਸੀਂ ਉਸ ਵੇਲੇ ਅਜਿਹੀ ਫ਼ੌਜੀ ਤਾਕਤ ਦਾ ਮੁਕਾਬਲਾ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਅਤੇ ਦੁਸ਼ਮਣ (ਖ਼ਾਲਸਾ ਫ਼ੌਜ) ਵਿੱਚਲੇ ਗੱਦਾਰਾਂ ਦੀਆਂ ਗੱਦਾਰੀਆਂ ਵੀ ਸਾਨੂੰ ਬਚਾ ਨਾ ਸਕਦੀਆਂ।
ਅੰਗਰੇਜ਼ੀ ਫ਼ੌਜ ਨੂੰ ਅੱਗੇ ਸਿੱਖਾਂ ਦੇ ਹੋਣ ਦੀ ਜਾਣਕਾਰੀ ਸੀ ਅਤੇ ਉਹ formation ਬਣਾ ਕੇ ਹਮਲਾਵਰ ਰੁੱਖ ਵਿੱਚ ਅੱਗੇ ਵਧ ਰਹੇ ਸਨ। ਦੂਜੇ ਪਾਸੇ ਸਿੱਖਾਂ ਦਾ ਕਮਾਂਡਰ ਲਾਲ ਸਿੰਘ ਫ਼ੌਜ ਨੂੰ ਅੱਗੇ ਵੱਧ ਕੇ ਹਮਲਾ ਕਰਨ ਦਾ ਵੀ ਕੋਈ ਹੁਕਮ ਨਹੀਂ ਸੀ ਦੇ ਰਿਹਾ। ਮੇਜਰ ਸਮਾਇਥ ਮੁਤਾਬਕ ਇੱਥੇ ਸਿੱਖ ਫ਼ੌਜਾਂ ਨੇ ਲਾਲ ਸਿੰਘ ਨੂੰ ਡਰਪੋਕ ਹੋਣ ਦਾ ਤਾਅਨਾ ਮਾਰਦਿਆਂ ਕਿਹਾ ਕਿ ਜੇਕਰ ਉਹ ਜੰਗ ਲਈ ਹੁਕਮ ਨਹੀਂ ਦਵੇਗਾ ਤੇ ਫ਼ੌਜ ਆਪ ਮੈਦਾਨ ਵਿੱਚ ਡੱਟ ਜਾਵੇਗੀ।
ਅਖ਼ੀਰ 18 ਦਸੰਬਰ ਦੀ ਸ਼ਾਮ ਨੂੰ 4 ਵਜੇ ਤੋਂ ਕੁਝ ਸਮਾਂ ਪਹਿਲਾਂ ਮੁਦਕੀ ਵਿੱਚ ਪਹਿਲੀ ਸਿੱਖ ਅੰਗਰੇਜ਼ ਜੰਗ/ ਜੰਗ ਹਿੰਦ ਪੰਜਾਬ/ ਐਂਗਲੋ ਸਿੱਖ ਜੰਗਾਂ ਦੀ ਪਹਿਲੀ ਲੜਾਈ ਸ਼ੁਰੂ ਹੋਈ। ਖ਼ਾਲਸਾ ਫ਼ੌਜਾਂ ਦੀਆਂ ਤੋਪਾਂ ਦਾ ਪਹਿਲਾ ਗੋਲੇ ਨਾਲ ਹੀ ਅੰਗਰੇਜ਼ੀ ਤੋਪਖਾਨੇ ਦੇ ਇੱਕ ਮੇਜਰ ਦਾ ਸਿਰ ਉੱਡ ਗਿਆ।
ਦੂਜੇ ਪਾਸੇ, ਜੰਗ ਸ਼ੁਰੂ ਹੁੰਦੇ ਹੀ ਲਾਲ ਸਿੰਘ ਆਪਣੇ ਨਾਲ ਦੇ ਘੁੜਸਵਾਰਾਂ ਸਮੇਤ ਮੈਦਾਨ ਏ ਜੰਗ ਵਿਚੋਂ ਭੱਜ ਗਿਆ। ਮਗਰ ਕੇਵਲ ਰੈਗੂਲਰ ਫ਼ੌਜ ਦੀਆਂ ਇਨਫੈਂਟਰੀ ਦੀਆਂ ਤਿੰਨ ਬ੍ਰਿਗੇਡ ਬਚੀਆਂ, ਜਿਨ੍ਹਾਂ ਦੀ ਗਿਣਤੀ ਕੁਝ ਸਰੋਤਾਂ ਮੁਤਾਬਕ 2000 ਅਤੇ ਕੁਝ ਮੁਤਾਬਕ ਵੱਧ ਤੋਂ ਵੱਧ 3000 ਤੱਕ ਜਾਂਦੀ ਹੈ। ਪਰ 3000 ਵਾਲੀ ਗੱਲ ਵਧੇਰੇ ਠੀਕ ਨਹੀਂ ਜਾਪਦੀ, ਕਿਉਂਕਿ ਇੱਕ ਬ੍ਰਿਗੇਡ ਵਿੱਚ ਫ਼ੌਜ ਦੀ ਗਿਣਤੀ 800 ਦੇ ਕਰੀਬ ਹੁੰਦੀ ਸੀ। ਸੋ ਤਿੰਨ ਬ੍ਰਿਗੇਡ ਵਿੱਚ ਇਹ ਫ਼ੌਜ 2000 ਤੋਂ 2500 ਦੇ ਕਰੀਬ ਹੋ ਸਕਦੀ ਹੈ। ਦੂਜੇ ਪਾਸੇ ਅੰਗਰੇਜ਼ਾਂ ਦੀ ਲੁਧਿਆਣੇ ਅਤੇ ਅੰਬਾਲੇ ਦੀ ਫ਼ੌਜ ਦੀ ਗਿਣਤੀ ਕੁੱਲ 12000 ਦੇ ਕਰੀਬ ਸੀ, ਜਿਨ੍ਹਾਂ ਕੋਲ ਸਿੱਖਾਂ ਤੋਂ ਦੁੱਗਣੀਆਂ 46 ਤੋਪਾਂ ਸਨ।
ਜਾਰਜ ਬਰੂਸ ਨੇ ਲਿਖਿਆ:
“ਸਿੱਖਾਂ ਦੇ ਇੱਕ ਪੈਦਲ ਸਿਪਾਹੀ ਦੇ ਮੁਕਾਬਲੇ ਅੰਗਰੇਜ਼ਾਂ ਦੇ ਪੰਜ ਪੈਦਲ ਸਿਪਾਹੀ ਸਨ, ਫ਼ਿਰ ਵੀ ਉਹ (ਅੰਗਰੇਜ਼) ਪਿੱਛੇ ਧੱਕ ਦਿੱਤੇ ਗਏ।”
ਇੱਕ ਘੰਟੇ ਤੋਪਾਂ ਚੱਲਣ ਮਗਰੋਂ ਕਮਾਂਡਰ ਇਨ ਚੀਫ਼ ਗਫ਼ ਨੇ ਅੰਗਰੇਜ਼ੀ ਫ਼ੌਜ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ। ਅੰਗਰੇਜ਼ੀ ਘੁੜਸਵਾਰ ਅੱਗੇ ਵਧੇ ਪਰ ਜੰਗਲ ਦੇ ਇਲਾਕੇ ਵਿੱਚ ਉਹ ਖ਼ਾਲਸਾ ਫ਼ੌਜ ਦੇ ਸਨਾਈਪਰਾਂ ਦੀ ਮਾਰ ਨਾ ਝੱਲ ਸਕੇ ਅਤੇ ਵੱਡਾ ਨੁਕਸਾਨ ਕਰਾ ਕੇ ਪਿੱਛੇ ਹਟ ਗਏ। ਖੱਬੀ, ਸੱਜੀ ਅਤੇ ਸਾਮਣੇ ਵਾਲੀ, ਤਿੰਨੇ ਬਾਹੀਆਂ ਤੋਂ ਅੰਗਰੇਜ਼ਾਂ ਨੂੰ ਭਾਰੀ ਨੁਕਸਾਨ ਹੋਇਆ। ਖ਼ਾਲਸੇ ਦੇ ਤੋਪਖਾਨੇ ਅਤੇ ਬੰਦੂਕਾਂ ਦੀ ਮਾਰ ਨੇ ਅੰਗਰੇਜ਼ਾਂ ਦਾ ਉਹ ਹਾਲ ਕੀਤਾ ਕਿ ਅੰਗਰੇਜ਼ੀ ਫ਼ੌਜ ਦੇ ਹਿੰਦੁਸਤਾਨੀ ਪੂਰਬੀਏ ਸਿਪਾਹੀ ਭੱਜ ਨਿਕਲੇ। ਜਾਰਜ ਬਰੂਸ ਕਹਿੰਦਾ ਹੈ ਕਿ ਉਨ੍ਹਾਂ ਨੇ ਅਜਿਹੀ ਭਿਆਨਕ ਲੜਾਈ ਹਿੰਦੁਸਤਾਨ ਵਿੱਚ ਕਿਤੇ ਵੀ ਨਹੀਂ ਸੀ ਵੇਖੀ। ਲਾਰਡ ਗਫ਼ ਨੇ ਭੱਜਦੇ ਸਿਪਾਹੀਆਂ ਨੂੰ ਰੋਕਣ ਲਈ ਕੈਪਟਨ ਹੈਵਲਾਕ ਨੂੰ ਭੇਜਿਆ, ਜੋ ਚੀਖ ਚੀਖ ਕੇ ਭੱਜਦੇ ਸਿਪਾਹੀਆਂ ਨੂੰ ਕਹਿੰਦਾ ਸੀ ਕਿ ਦੁਸ਼ਮਣ ਤੁਹਾਡੇ ਪਿੱਛੇ ਨਹੀਂ, ਸਾਮਣੇ ਹੈ।
ਇਸੇ ਦੌਰਾਨ ਇੱਕ ਬੜੀ ਕਮਾਲ ਦੀ ਘਟਨਾ ਵਾਪਰੀ ਜਦੋਂ ਇੱਕ ਨਿਹੰਗ ਸਿੰਘ ਨੇ ਹੱਥ ਵਿੱਚ ਕਿਰਪਾਨ ਫੜ੍ਹ ਕੇ ਅੰਗਰੇਜ਼ਾਂ ਦੀ ਪੂਰੀ ਰੈਜੀਮੈਂਟ ਦੇ ਸਾਮਣੇ ਕੱਲਿਆਂ ਹੀ ਜਾ ਵੰਗਾਰਿਆ। ਇੱਕ ਅੰਗਰੇਜ਼ੀ ਸਿਪਾਹੀ ਵੰਗਾਰ ਕਬੂਲ ਕੇ ਅੱਗੇ ਵਧਿਆ ਪਰ ਪਹਿਲੇ ਹੱਲੇ ਹੀ ਮਾਰਿਆ ਗਿਆ। ਹੋਰ ਕੋਈ ਅੱਗੇ ਵੱਧਣ ਦੀ ਜੁਰਅਤ ਨਾ ਕਰ ਸਕਿਆ ਅਤੇ ਅੰਗਰੇਜ਼ਾਂ ਨੇ ਦੂਰੋਂ ਹੀ ਗੋਲੀਆਂ ਮਾਰ ਕੇ ਉਸ ਨਿਹੰਗ ਸਿੰਘ ਨੂੰ ਸ਼ਹੀਦ ਕਰ ਦਿੱਤਾ।
ਅੰਗਰੇਜ਼ ਪੈਦਲ ਅਤੇ ਘੋੜਸਵਾਰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ ਪਰ ਹਰ ਵਾਰੀ ਪਛਾੜੇ ਜਾਂਦੇ ਰਹੇ। ਅੰਗਰੇਜ਼ਾਂ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਸ਼ੇਰ ਏ ਪੰਜਾਬ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੀ ਉਥਲ ਪੁਥਲ ਦੇ ਅਜਿਹੇ ਦੌਰ ਤੋਂ ਬਾਅਦ ਵੀ ਖ਼ਾਲਸਾ ਫ਼ੌਜ ਅਜਿਹੇ ਅਨੁਸ਼ਾਸਨ ਨਾਲ ਇੰਨੀ ਬਕਮਾਲ ਜੰਗ ਲੜੇਗੀ। ਆਪਣੇ ਤੋਂ ਪੰਜ ਗੁਣੀ ਵੱਧ ਫ਼ੌਜ ਨੂੰ ਸਿੱਖਾਂ ਨੇ ਬੁਰੀ ਤਰ੍ਹਾਂ ਪਛਾੜ ਦਿੱਤਾ। ਹਾਲਾਂਕਿ ਸਿੱਖਾਂ ਦਾ ਨੁਕਸਾਨ ਵਧੇਰੇ ਹੋਇਆ, ਜੋ ਕਿ ਗਿਣਤੀ ਘੱਟ ਹੋਣ ਕਰਕੇ ਸੁਭਾਵਕ ਹੀ ਸੀ, ਪਰ ਇਸ ਜੰਗ ਅੰਗਰੇਜ਼ਾਂ ਦੇ ਮਨਾਂ ਦੇ ਖ਼ਾਲਸੇ ਦੀ ਬਹਾਦਰੀ ਦਾ ਬੜਾ ਡੂੰਘਾ ਅਸਰ ਪਾਇਆ। ਛੇ ਘੰਟੇ ਚੱਲੀ ਇਸ ਲੜਾਈ ਤੋਂ ਬਾਅਦ ਜਿੱਥੇ ਅੰਗਰੇਜ਼ ਪਿੱਛੇ ਹਟ ਗਏ, ਗਿਣਤੀ ਵਿੱਚ ਬਹੁਤ ਥੋੜ੍ਹੀ ਖ਼ਾਲਸਾ ਫ਼ੌਜ ਵੀ ਪਿੱਛੇ ਹਟ ਕੇ ਆਪਣੇ ਮੁੱਖ ਕੈਂਪ ਫਿਰੋਜ਼ਸ਼ਾਹ ਪਹੁੰਚ ਗਈ ਅਤੇ ਅਗਲੀ ਵੱਡੀ ਜੰਗ ਦੀ ਤਿਆਰੀ ਹੋਣ ਲੱਗੀ।
ਇਸ ਲੜਾਈ ਵਿੱਚ ਕੋਈ 215 ਅੰਗਰੇਜ਼ ਸਿਪਾਹੀ ਮਾਰੇ ਗਏ ਅਤੇ 657 ਜ਼ਖਮੀ ਹੋਏ। ਮਾਰੇ ਗਏ ਅੰਗਰੇਜ਼ਾਂ ਵਿੱਚ 15 ਫ਼ੌਜੀ ਅਫ਼ਸਰ ਸਨ, ਜਿਨ੍ਹਾਂ ਵਿੱਚ 3 ਜਨਰਲ ਵੀ ਸਨ। ਇਨ੍ਹਾਂ ਵਿੱਚ ਮੇਜਰ ਜਨਰਲ ਰੋਬਰਟ ਸੈਲ, ਮੇਜਰ ਜਨਰਲ ਜੇਮਜ਼ ਲਮਲੀ, ਮੇਜਰ ਜਨਰਲ ਮੈਕਾਸਕਿਲ, ਬ੍ਰਿਗੇਡੀਅਰ ਬੋਲਟਨ, ਮੇਜਰ ਹੈਰਿਸ ਵੱਡੇ ਨਾਮ ਸਨ। ਸਿੱਖਾਂ ਦੇ 300 ਤੋਂ 400 ਦੇ ਕਰੀਬ ਸਿਪਾਹੀ ਇਸ ਜੰਗ ਵਿੱਚ ਸ਼ਹੀਦ ਹੋਏ।
ਅੰਗਰੇਜ਼ਾਂ ਨੇ ਇਸ ਜੰਗ ਵਿੱਚ ਖ਼ੁਦ ਨੂੰ ਜੇਤੂ ਐਲਾਨਿਆ ਪਰ ਇਤਿਹਾਸ ਇਹ ਫ਼ੈਸਲਾ ਆਪੇ ਕਰ ਦਿੰਦਾ ਹੈ ਕਿ ਇਹ ਜੰਗ ਅਸਲ ਵਿੱਚ ਬੇਨਤੀਜਾ ਹੀ ਰਹਿ ਸੀ, ਜਿਸ ਦਾ ਅਗਲਾ ਪੜਾਅ ਫਿਰੋਜ਼ਸ਼ਾਹ ਦਾ ਮੈਦਾਨ ਬਣਨਾ ਸੀ, ਅਤੇ ਜਿਸ ਵਿੱਚ ਸਿੱਖਾਂ ਨੇ ਆਪਣੇ ਤੋਂ ਪੰਜ ਗੁਣਾ ਵੱਧ ਗਿਣਤੀ ਵਾਲੇ ਦੁਸ਼ਮਣ ਦਾ ਮੂੰਹ ਭੰਨ ਸੁੱਟਿਆ।
ਜੇਕਰ ਲਾਲ ਸਿੰਘ ਆਪਣੇ ਨਾਲ ਆਪਣੀਆਂ ਫ਼ੌਜਾਂ ਨੂੰ ਲੈਕੇ ਭੱਜਣ ਨਾਲੋਂ ਲੜਨ ਨੂੰ ਤਰਜੀਹ ਦਿੰਦਾ, ਤਾਂ ਸ਼ਾਇਦ ਗੱਲ ਫਿਰੋਜ਼ਸ਼ਾਹ ਤੱਕ ਨਾ ਜਾਂਦੀ, ਮੁਦਕੀ ਹੀ ਅੰਗਰੇਜ਼ਾਂ ਦੀ ਹਾਰ ਦੀ ਗਵਾਹੀ ਭਰਦਾ।
ਇੱਕ ਅੰਗਰੇਜ਼ੀ ਅਫ਼ਸਰ ਨੇ ਲਿਖਿਆ:
“ਸਾਡੇ ਅਫ਼ਸਰ ਅਤੇ ਸਿਪਾਹੀ ਇਹ ਸੋਚਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖ਼ਾਲਸਾ ਫ਼ੌਜ ਕੇਵਲ ਬਾਗ਼ੀ ਹੋਈ ਇੱਕ ਭੀੜ ਹੀ ਹੈ ਅਤੇ ਸਾਡੇ ਨਾਲ ਜੰਗ ਵਿੱਚ ਉਨ੍ਹਾਂ ਤੋਂ ਕੋਈ ਖ਼ਾਸ ਮੁਕਾਬਲਾ ਨਹੀਂ ਕੀਤਾ ਜਾਣਾ। ਮੈਂ ਕੁਝ ਅਫਸਰਾਂ ਨੂੰ ਮੁਦਕੀ ਵਿੱਚ ਅਜਿਹਾ ਕਹਿੰਦੇ ਹੋਏ ਸੁਣਿਆ ਕਿ ਉਹ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਭੱਜ ਜਾਣਗੇ, ਉਹ ਸਾਡੇ ਨਾਲ ਨਹੀਂ ਲੜ ਸਕਣਗੇ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਿੱਖਾਂ ਦੀ ਅਸਲੀ ਤਾਕਤ ਤੋਂ ਪੂਰੀ ਤਰ੍ਹਾਂ ਅਨਜਾਣ ਸੀ। ਹੈਰਾਨੀ ਦੀ ਗੱਲ ਹੈ ਕਿ ਕਮਾਂਡਰ ਇਨ ਚੀਫ਼ ਅਤੇ ਗਵਰਨਰ ਜਨਰਲ ਵੀ ਅਜਿਹਾ ਹੀ ਸੋਚਦੇ ਸਨ।”
ਮੁਦਕੀ ਦੀ ਜੰਗ ਵੇਲੇ ਖ਼ਾਲਸਾ ਫ਼ੌਜਾਂ ਵੱਲੋਂ ਬਿਨਾ ਕਿਸੇ ਆਗੂ ਦੇ ਕੀਤਾ ਹੋਇਆ ਮੁਕਾਬਲਾ, ਸਦਾ ਇਤਿਹਾਸ ਵਿੱਚ ਯਾਦ ਰੱਖਿਆ ਜਾਏਗਾ।
ਪਰਗਟ ਸਿੰਘ,
ਜੀਵੇ ਸਾਂਝਾ ਪੰਜਾਬ।
Pargat Singh
Pargat Singh is director of "Jeevey Sanjha Punjab,". He is dedicated to researching and preserving the history of Punjab, with a special emphasis on the Sarkar e Khalsa era.
Comments (5)
Harbhajan Singh - December 19, 2023
Thanks Veejee
Jaswant Singh - December 19, 2023
Very nice post
Harshita - May 12, 2024
Punjabi gurmukhi
ਧਰਮਿੰਦਰ ਸਿੰਘ - January 14, 2024
Great information sir..
Thanks a lot..
Malkeet Singh - December 18, 2024