ਪਹਿਲੀ ਜੰਗ ਜੋ ਸਿੰਘ – ਫਿਰੰਗੀਆਂ ਵਿਚਕਾਰ ਮੁੱਦਕੀ, ਫੇਰੂ ਸ਼ਹਰ , ਆਲੀਵਾਲ ਤੇ ਸਭਰਾਉਂ ਦੇ ਮੈਦਾਨ ਵਿਚ ਲੜੀ ਗਈ ;ਜਿਸ ਵਿੱਚ ਗ਼ਦਾਰ ਆਗੂਆਂ ਦੀ ਗ਼ਦਾਰੀ ਨੇ ਜਿੱਤ ਨੂੰ ਹਾਰ ਵਿਚ ਬਦਲ ਕੇ ;ਲਾਹੌਰ ਦਰਬਾਰ ਦੀ ਧਰਤ ਤੇ ਅੰਗਰੇਜ਼ ਨੂੰ ਪੈਰ ਰੱਖਣ ਦਾ ਮੌਕਾ ਦੇਕੇ , ਉਸਦੇ ਅੰਦਰ ਚਿਰਾਂ ਤੋਂ ਧੁਖਦੀ ਅੱਗ ਨੂੰ ਹਵਾ ਦੇਣ ਵਾਲਾ ਕੰਮ ਕੀਤਾ ਸੀ।ਇਸ ਪਿਛੋਂ 11 ਮਾਰਚ 1846 ਈਸਵੀ ਨੂੰ ਲਾਹੌਰ ਦਰਬਾਰ ਤੇ ਅੰਗਰੇਜ਼ ਸਰਕਾਰ ਵਿਚਕਾਰ ਜੋ ਅਹਿਦਨਾਮਾ ਹੋਇਆ ਸੀ , ਉਸ ਵਿਚ ਪਹਿਲੀ ਸ਼ਰਤ ਇਹੋ ਸੀ ਕਿ ਚਾਲੂ 1846 ਈਸਵੀ ਦੇ ਖਤਮ ਹੋਣ ਤੱਕ ਗੋਰਾਸ਼ਾਹੀ ਫ਼ੌਜ ਲਾਹੌਰ ਰਹੇਗੀ ;ਫਿਰ ਚੱਲੀ ਜਾਵੇਗੀ। ਇਸ ਸਮੇਂ ਵਿਚ ਮਹਾਰਾਣੀ ਜਿੰਦ ਕੌਰ ਨੇ ਅਗਲੇ ਇੰਤਜਾਮ ਨੂੰ ਲੈ ਕੇ ਰਣਨੀਤੀ ਘੜ੍ਹਨੀ ਸ਼ੁਰੂ ਕੀਤੀ। ਗਵਰਨਰ ਜਨਰਲ ਲਾਰਡ ਹੈਨਰੀ ਹਾਰਡਿੰਗ ਨੂੰ ਇਹ ਗੱਲ ਬਹੁਤ ਰੜਕੀ ।ਉਸਦਾ ਮਨ ਪੰਜਾਬ ਪ੍ਰਤੀ ਮੈਲਾ ਹੋ ਚੁਕਾ ਸੀ । ਉਹ ਇਸਤੇ ਪੱਕੇ ਤੌਰ ਆਪਣੇ ਪ੍ਰਬੰਧ ਰੱਖਣਾ ਚਾਹੁੰਦਾ ਸੀ ।ਉਹ ਪੰਜਾਬ ਵਿਚ ਗੋਰਾਸ਼ਾਹੀ ਫੌ਼ਜ ਦੀ ਨਫ਼ਰੀ ਵੀ ਵਧਾਉਣਾ ਚਾਹੁੰਦਾ ਸੀ ।ਇਸ ਲਈ ਉਹ ਨਵਾਂ ਅਹਿਦਨਾਮਾ ਕਰਨਾ ਚਾਹੁੰਦਾ ਸੀ ਪਰ ਨਾਲ ਹੀ ਇਹ ਇੱਛਾ ਵੀ ਰੱਖਦਾ ਸੀ ਕਿ ਨਵੇਂ ਅਹਿਦਨਾਮੇ ਦੀ ਮੰਗ ਵੀ ਲਾਹੌਰ ਦਰਬਾਰ ਵੱਲੋਂ ਹੀ ਉੱਠੇ ।ਪਰ ਇਸ ਵਿਚ ਉਹ ਮਹਾਰਾਣੀ ਜਿੰਦ ਕੌਰ ਨੂੰ ਵੱਡੀ ਰੁਕਾਵਟ ਸਮਝਦਾ ਸੀ ;ਜੋ ਇਸਦੇ ਮਨਸੂਬੇ ਸਮਝਦੀ ਸੀ ।ਇਸੇ ਲਈ ਹਾਰਡਿੰਗ ਨੇ ਸਕੱਤ੍ਰ ਮਿਸਟਰ ਕਰੀ ਨੂੰ 7 ਦਸੰਬਰ 1846 ਈਸਵੀ ਨੂੰ ਖ਼ਤ ਵਿਚ ਲਿਖਿਆ :
“ਲਾਹੌਰ ਦਰਬਾਰ ਵਿਚ ਟਿਕੇ ਰਹਿਣ ਲਈ ਜੋ ਭੀ ਅਹਿਦਨਾਮਾ ਕੀਤਾ ਜਾਏ ,ਉਸ ਵਿਚ ਮਹਾਰਾਣੀ ਦੇ ਅਧਿਕਾਰ ਖੋਹ ਲੈਣ ਦੀ ਸ਼ਰਤ ਦਾ ਹੋਣਾ ਜ਼ਰੂਰੀ ਹੈ।”
ਕਰੀ ਨੂੰ ਇਕ ਹੋਰ ਖ਼ਤ ਵਿਚ 10 ਦਸੰਬਰ ਨੂੰ ਹਾਰਡਿੰਗ ਨੇ ਆਪਣੇ ਮਨ ਦੇ ਫੁਰਨੇ ਪੂਰੇ ਕਰਨ ਲਈ ਲਿਖਿਆ :
“ਦਰਬਾਰ ਅਤੇ ਸਰਦਾਰਾਂ ਦਾ ਸੰਕੋਚ ਇਕ ਕੁਦਰਤੀ ਗੱਲ ਹੈ , ਪਰ ਇਹ ਗੱਲ ਬੜੀ ਹੀ ਜ਼ਰੂਰੀ ਹੈ ਕਿ ਇਹ ਤਜਵੀਜ਼ ਉਨ੍ਹਾਂ ਵਲੋਂ ਆਵੇ ਅਤੇ ਉਨ੍ਹਾਂ ਵਲੋਂ ਚਿੱਠੀ ਵਿਚ ਇਹ ਤਜਵੀਜ਼ ਖੁੱਲੇ ਤੇ ਸਾਫ਼ ਸ਼ਬਦਾਂ ਵਿਚ ਲਿਖੀ ਹੋਵੇ ਅਤੇ ਸਾਡੇ ਵੱਲੋਂ ਇਤਨੀ ਭਾਰੀ ਜ਼ੁੰਮੇਵਾਰੀ ਲੈਣ ਤੋਂ ਝਿਜਕਣ ਦਾ ਜ਼ਿਕਰ ਭੀ ਉਸ ਵਿਚ ਕੀਤਾ ਹੋਇਆ ਹੋਵੇ।”
(ਉਪਰੋਕਤ ਖ਼ਤ ਵਿਚਲੀ ਟੂਕ ਬਹੁਤ ਕੁਝ ਬਿਆਨ ਕਰਦੀ ਹੈ । ਇਤਿਹਾਸ ਦੇ ਵਿਦਿਆਰਥੀਆਂ ਨੂੰ ਇਸਨੂੰ ਹੋਰ ਡੂੰਘਾ ਉਤਰ ਕੇ ਸਮਝਣਾ ਚਾਹੀਦਾ ਹੈ ਅੰਦਾਜ਼ਾ ਲਗਾ ਕੇ ਵੇਖੋ ਗਵਰਨਰ ਜਨਰਲ ਕਿਤਨਾ ਚਲਾਕ , ਕੁਟਲ ਨੀਤੀਵੇਤਾ ਹੈ , ਉਹ ਆਪਣੇ ਮੈਲੇ ਫੁਰਨੇ ਨੂੰ ਪੂਰਾ ਕਰਨ ਵਕਤ ਆਪ ਸਾਫ਼ ਗੋ ਰਹਿ ਕੇ , ਮਾਹੌਲ ਇਹ ਸਿਰਜਣਾ ਚਾਹੁੰਦਾ ਹੈ ਕਿ ਅਸੀਂ ਪੰਜਾਬ ਛੱਡਣਾ ਚਾਹੁੰਦੇ ਸੀ , ਪਰ ਸਾਨੂੰ ਮਜ਼ਬੂਰ ਕੀਤਾ ਗਿਆ ਹੋਰ ਸਮਾਂ ਰੁਕਣ ਵਾਸਤੇ)
“ਜੇ ਰਸੂਖ ਵਾਲੇ ਦਰਬਾਰੀ ਤੇ ਸਰਦਾਰ ਖ਼ਾਸ ਤੌਰ ਤੇ ਅਟਾਰੀ ਵਾਲੇ ਸਰਦਾਰ , ਸਰਕਾਰ ਅੰਗਰੇਜ਼ੀ ਨੂੰ ਮਹਾਰਾਜੇ ਦੀ ਨਬਾਲਗੀ ਦੇ ਸਮੇਂ ਤੱਕ ਗਾਰਡੀਅਨ (ਰਖਵਾਲੇ) ਬਣਨ ਲਈ ਜ਼ੋਰ ਦੇਣ ਤਾਂ ਰਾਣੀ ਦੀ ਤਾਕਤ ਚੁਪ ਚਾਪ ਆਪਣੇ ਆਪ ਹੀ ਖ਼ਤਮ ਹੋ ਜਾਵੇਗੀ ;ਪਰ ਇਹ ਪਰਵਾਣਗੀ ਲਿਖ਼ਤ ਵਿਚ ਆ ਜਾਣੀ ਚਾਹੀਦੀ ਹੈ ਕਿ ਬੱਚੇ ਦੇ ਰਖਵਾਲੇ ਅਤੇ ਰਾਜ ਦੇ ਪ੍ਰਬੰਧਕਾਂ ਦੀ ਹੈਸੀਅਤ ਵਿਚ ਸਰਕਾਰ ਅੰਗਰੇਜ਼ੀ ਨੂੰ ਮਹਾਰਾਜੇ ਵੱਲੋਂ ਪੂਰੇ ਅਖ਼ਤਿਆਰ ਹੋਵਣਗੇ।”
ਅੰਗਰੇਜ਼ਾਂ ਦੇ ਵਿਰੋਧ ਹੋਣ ਦੀ ਸੂਰਤ ਵਿਚ ਲਾਲ ਸਿੰਘ ਵਜ਼ੀਰ ਨਾਲ ਹਫ਼ਤਾ ਪਹਿਲਾਂ ਵਾਪਰੀ ਘਟਨਾ ਨੇ ਲਾਹੌਰ ਦਰਬਾਰ ਦੇ ਸਰਦਾਰਾਂ ਅੰਦਰ ਅੰਗਰੇਜ਼ਾਂ ਦੀ ਸਿੱਧੀ ਮੁਖਾਲਫਤ ਦਾ ਮਾਦਾ ਕੰਮਜ਼ੋਰ ਕਰ ਦਿੱਤਾ ਸੀ, ਕਿਤੇ ਨ ਕਿਤੇ ਇਸ ਵਿਚ ਉਹਨਾਂ ਦਾ ਨਿੱਜੀ ਹਿੱਤ ਵੀ ਸੀ , ਉਹਨਾਂ ਦੀਆਂ ਜਾਗੀਰਾਂ । ਜੇ ਸਰਦਾਰ ਸ਼ਰਤਾਂ ਮੰਨ ਲੈਣ ਅੰਗਰੇਜ਼ੀ ਸਰਕਾਰ ਦੀਆਂ ਤਾਂ ਉਹਨਾਂ ਦੀਆਂ ਜਾਗੀਰਾਂ ਉਸੇ ਤਰ੍ਹਾਂ ਹੀ ਕਾਇਮ ਰੈਣਗੀਆਂ , ਇਹ ਬਹੁਤ ਵੱਡੀ ਖਿੱਚ ਤੇ ਲਾਲਚ ਸੀ , ਜਿਸ ਨੇ ਹੈਨਰੀ ਹਾਰਡਿੰਗ ਦੀ ਸੋਚ ਨੂੰ ਬੂਰ ਪਾਇਆ ।12 ਦਸੰਬਰ ਦੀ ਆਪਣੀ ਕਰੀ ਨੂੰ ਲਿਖੀ ਚਿੱਠੀ ਵਿਚ ਹੈਨਰੀ ਲਿਖਦਾ ਹੈ ” ਸਿਖ ਦਰਬਾਰ ਵਲੋਂ ਇਸ ਸ਼ਰਤ ਦੀ ਤਜਵੀਜ਼ ਕਰਵਾਉਣ ਭਾਵ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਮਦਦ ਦੇ ਮੁੱਲ ਦੇ ਤੌਰ ਤੇ , ਸਾਡੇ ਵੱਲੋਂ ਲਾਈ ਗਈ ਕਿਸੇ ਭੀ ਸ਼ਰਤ ਨੂੰ ਪਰਵਾਣ ਕਰਨ ਲਈ ਤਿਆਰ ਹੋਣ ਲਈ ਦਰਬਾਰ ਨੂੰ ਰਾਜ਼ੀ ਕਰਨ ਵਾਸਤੇ ਆਪਣੇ ਜਤਨਾਂ ਵਿਚ ਜੁੱਟੇ ਰਹੋ ।ਅਧਿਕ ਸ਼ਰਤਾਂ ਦੇ ਮੁਖਬੰਦ ਵਿਚ ਇਹ ਬੇਨਤੀ ਸਪੱਸ਼ਟ ਤੌਰ ਤੇ ਉਨ੍ਹਾਂ ਵੱਲੋਂ ਹੋਣੀ ਚਾਹੀਦੀ ਹੈ।”
ਲਾਹੌਰ ਦਰਬਾਰ ਤੇ ਪ੍ਰਭਾਵ ਪਾਉਣ ਲਈ ਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਹੈਨਰੀ ਹਾਰਡਿੰਗ ਨੇ 12 ਦਸੰਬਰ ਨੂੰ ਝੂਠ ਮੂਠ ਦੇ ਹੁਕਮ ਵੀ ਫੌਜ ਦੇ ਨਾਮ ਕੱਢੇ ਕਿ ਫੌਜਾਂ ਇਸ ਤਰ੍ਹਾਂ ਦਿਖਾਉਣ ਜਿਵੇਂ ਉਹ ਲਾਹੌਰ ਛੱਡਣ ਲੱਗੀਆਂ ਹਨ ; ਪਰ ਇਹ ਸਿਰਫ ਨਾਟਕ ਖੇਡਣਾ ਸੀ ।
ਇਸ ਸਮੇਂ ਵਿਚ ਕੁਝ ਸਰਦਾਰ ਹੈਨਰੀ ਲਾਰੰਸ ਤੇ ਕਰੀ ਦੇ ਦਬਾਅ ਹੇਠ ਆ ਗਏ । ਸਰਦਾਰ ਸ਼ੇਰ ਸਿੰਘ ਨੂੰ ਲਾਹੌਰ ਕਿਲੇ ਦੇ ਸ਼ਾਹੀ ਮਹੱਲ ਦਾ ਇੰਚਾਰਜ ਬਣਾ ਦਿੱਤਾ ਗਿਆ । ਮਿਸਰ ਤੇਜਾ ਸਿੰਘ ਅੰਗਰੇਜ਼ਾਂ ਦਾ ਆਪਣਾ ਜ਼ਰ ਖ਼ਰੀਦ ਗੁਲਾਮ ਸੀ। ਇਸ ਧੜੇ ਨੇ ਮਹਾਰਾਣੀ ਨੂੰ ਰਾਜ ਪ੍ਰਬੰਧ ਦਾ ਮੁਖੀ ਪਰਵਾਣ ਕਰਨ ਤੋਂ ਨਾਹ ਕਰ ਦਿੱਤੀ । ਕੇਵਲ ਦੀਨਾ ਨਾਥ ਹੀ ਮਹਾਰਾਣੀ ਤੇ ਪੰਜਾਬ ਨਾਲ ਖੜਾ ਰਿਹਾ । ਸਮੇਂ ਦੀ ਨਾਜ਼ੁਕਤਾ ਨੂੰ ਵੇਖ ਕੇ 14 ਦਸੰਬਰ 1846 ਨੂੰ ਸਰਕਾਰ ਦਲੀਪ ਸਿੰਘ ਤੋਂ ਇਕ ਚਿੱਠੀ ਸਰਦਾਰਾਂ ਨੇ ਫਰੈਡਰਿਕ ਕਰੀ ਨੂੰ ਲਿਖਵਾਈ । ਜਿਸ ਵਿਚ ਗਵਰਨਰ ਜਨਰਲ ਤੋਂ ਅੰਗਰੇਜ਼ੀ ਏਜੰਟ ਤੇ ਦੋ ਪਲਟਣਾਂ ਦੀ ਮੰਗ ਕੀਤੀ ਗਈ ਸੀ ਕੁਝ ਹੋਰ ਸਮੇਂ ਲਈ ।ਹੈਨਰੀ ਹਾਰਡਿੰਗ ਇਹ ਚਿੱਠੀ ਪੜ੍ਹ ਕੇ ਤਿਲ ਮਿਲਾ ਉਠਿਆ ਤੇ ਉਸਨੇ ਓਸੇ ਦਿਨ ਸ਼ਾਮ ਨੂੰ 5 ਵਜੇ ਵਾਪਸੀ ਜਵਾਬ ਭੇਜਿਆ:
“ਪੰਜਾਬ ਵਿਚ ਦੇਸੀ ਰਾਜ ਚਲਾਈ ਰੱਖਣ ਲਈ ਕੋਈ ਅੰਗਰੇਜ਼ੀ ਫ਼ੌਜ ਨਾ ਰੱਖਣ ਦਾ ਮੈਂ ਪੱਕਾ ਇਰਾਦਾ ਕੀਤਾ ਹੋਇਆ ਹੈ।ਦੋ ਪਲਟਣਾਂ ਪਿਆਦੇ, ਇਕ ਰਸਾਲਾ ਅਤੇ ਇਕ ਬਾਤਰੀ ਤੋਪਖਾਨੇ ਦੀ ਮਦਦ ਮੰਗਣ ਦੀ ਤਜ਼ਵੀਜ਼ ਇਤਨੀ ਵਾਹਿਯਾਤ ਹੈ ਕਿ ਮੈਂ ਇਸ ਨੂੰ ਉਨ੍ਹਾਂ ਦੀ ਸਾਡੇ ਦਖ਼ਲ ਤੋਂ ਬਗ਼ੈਰ ਆਪਣਾ ਰਾਜ ਪ੍ਰਬੰਧ ਆਪ ਕਰਨ ਦੀ ਇੱਛਾ ਦੇ ਬਰਾਬਰ ਸਮਝਦਾ ਹਾਂ।ਇਸ ਗੱਲ ਦਾ ਸਭ ਤੋਂ ਚੰਗਾ ਫ਼ੈਸਲਾ ਮੈਂ ਕਰ ਸਕਦਾ ਹਾਂ ਕਿ ਮੈਂ ਲਾਹੌਰ ਵਿੱਚ ਕਿਤਨੀ ਫ਼ੌਜ ਰੱਖਣੀ ਜ਼ਰੂਰੀ ਸਮਝਦਾ ਹਾਂ ਅਤੇ ਤੁਸੀਂ ਕਬਜ਼ੇ ਰੱਖਣ ਵਾਲੀ ਫ਼ੌਜ ਦੀ ਗਿਣਤੀ ਬਾਬਤ ਮੇਰੀ ਲਾਈ ਸ਼ਰਤ ਸੰਬੰਧੀ ਉਨ੍ਰਾਂ ਦੀ ਨਾਂਹ ਲੈ ਸਕਦੇ ਹੋ।”
15 ਦਸੰਬਰ ਨੂੰ ਸਵੇਰੇ ਹੀ ਫਰੈਡਰਿਕ ਕਰੀ ਨੇ ਸ੍ਰਦਾਰਾ ਦੀ ਇਕ ਮੀਟਿੰਗ ਕੀਤੀ ਤੇ ਸ਼ਰਤਾਂ ਵਾਲਾ ਕਾਗਤ ਪੜ੍ਹ ਕੇ ਸੁਣਾਇਆ ਗਿਆ । ਬਿਨਾਂ ਕਿਸੇ ਵਿਰੋਧ ਦੇ , ਚਰਚਾ ਦੇ ਤਕਰੀਬਨ ਸਭ ਮੰਨ ਗਏ । ਇਸ ਵਕਤ ਵਿਰੋਧ ਹੋਣ ਦਾ ਡਰ ਕੇਵਲ ਮਹਾਰਾਣੀ ਜਿੰਦ ਕੌਰ ਤੋਂ ਸੀ , ਜਿਸ ਨੂੰ ਇਸ ਸਭਾ ਤੋਂ ਇਸੇ ਕਰਕੇ ਪਰ੍ਹਾਂ ਕੀਤਾ ਅੰਗਰੇਜ਼ ਸਕੱਤ੍ਰ ਨੇ ।
“ਜਦ ਦੀਵਾਨ ਦੀਨਾ ਨਾਥ ਨੇ ਕਿਹਾ ਕਿ ਮਹਾਰਾਣੀ ਦੀ ਰਾਇ ਵੀ ਲੈ ਲੈਣੀ ਚਾਹੀਦੀ ਹੈ ਤਾਂ ਫਰੈਡਰਿਕ ਕਰੀ ਨੇ ਬਹੁਤ ਤਲਖੀ ਨਾਲ ਕਿਹਾ ਕਿ ਗਵਰਨਰ ਜਨਰਲ ਰਾਜ ਮਾਤਾ ਦੀ ਰਾਏ ਨਹੀਂ ਪੁੱਛ ਰਿਹਾ, ਉਹ ਤਾਂ ਰਾਜ ਦੇ ਥੰਮਾਂ ਸਰਦਾਰਾਂ ਦੀ ਰਾਇ ਪੁੱਛ ਰਿਹਾ ਹੈ।”
ਇਸ ਵਕਤ ਅੰਗਰੇਜ਼ੀ ਸਕੱਤ੍ਰ ਦਾ ਇਹ ਸਖ਼ਤ ਰਵੱਯੀਆ ਸਰਦਾਰਾਂ ਨੂੰ ਦਬਾਅ ਗਿਆ ਤੇ ਉਹਨਾਂ ਨੇ ਅਖੀਰ 16 ਦਸੰਬਰ 1846 ਈਸਵੀ ਨੂੰ ਭਰੋਵਾਲ ਦੀ ਸੰਧੀ ਤੇ ਦਸਤਖ਼ਤ ਕਰ ਦਿੱਤੇ ।ਇਹ ਅਹਿਦਨਾਮਾ ਬਹੁਤ ਹੇਠੀ ਭਰਿਆ ਸੀ । ਇਹ ਇਸ ਤਰ੍ਹਾਂ ਸੀ ਕਿ ਲਾਹੌਰ ਦਰਬਾਰ ਇਸ ਬੇਇਨਸਾਫ਼ੀ ਵਿਰੁੱਧ ਦੁਬਾਰਾ ਭੜਕੇ ਤੇ ਉਹ ਪੰਜਾਬ ਉੱਤੇ ਪੂਰਾ ਕਬਜਾ ਕਰਨ ਤੇ ਯੂਨੀਅਨ ਜੈਕ ਚੜਾਉਣ ਵਿਚ ਕਾਮਯਾਬ ਹੋ ਜਾਣ। ਇਹ ਭਰੋਵਾਲ ਦਾ ਅਹਿਦਨਾਮਾ ਅੰਗਰੇਜ਼ੀ ਸਰਕਾਰ ਵੱਲੋਂ ਫਰੈਡਰਿਕ ਕਰੀ ਤੇ ਲੈਫ਼ਟੀਨੈਂਟ ਕਰਨਲ ਹੈਨਰੀ ਮਿੰਟਗੁਮਰੀ ਅਤੇ ਸਰਕਾਰ ਦਲੀਪ ਸਿੰਘ ਵੱਲੋਂ ਸ.ਤੇਜ ਸਿੰਘ, ਰਾਜਾ ਸ਼ੇਰ ਸਿੰਘ ਅਟਾਰੀ ਵਾਲਾ , ਦੀਵਾਨ ਦੀਨਾ ਨਾਥ , ਫ਼ਕੀਰ ਨੂਰਦੀਨ , ਰਾਏ ਕਿਸ਼ਨ ਚੰਦ , ਰਣਜੋਰ ਸਿੰਘ ਮਜੀਠਾ , ਅਤਰ ਸਿੰਘ ਕਾਲਿਆਂ ਵਾਲਾ, ਭਾਈ ਨਿਧਾਨ ਸਿੰਘ , ਕਾਹਨ ਸਿੰਘ ਮਜੀਠਾ , ਸ਼ਮਸ਼ੇਰ ਸਿੰਘ , ਲਾਲ ਸਿੰਘ ਮੁਰਾਰੀਆ, ਕਿਹਰ ਸਿੰਘ ਸੰਧਾਵਾਲੀਆ , ਅਰਜਨ ਸਿੰਘ ਆਦਿ ਸਰਦਾਰਾਂ ਵਿਚ ਹੋਇਆ । 22 ਦਸੰਬਰ ਨੂੰ ਗਵਰਨਰ ਜਨਰਲ ਨੇ ਇਹ ਅਹਿਦਨਾਮਾ ਤਸਦੀਕ ਕੀਤਾ ।
ਇਸ ਅਹਿਦਨਾਮੇ ਕਰਕੇ ਮਹਾਰਾਣੀ ਨੂੰ ਪੈਨਸ਼ਨ ਦੇ ਕੇ ਰਾਜ ਭਾਗ ਦੇ ਕਾਰਜ ਤੋਂ ਵੱਖ ਕਰ ਦਿੱਤਾ ਗਿਆ , ਪਰ ਉਹ ਅਜੇ ਵੀ ਉਹ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਰੜਕ ਰਹੀ ਸੀ । ਹੈਨਰੀ ਲਾਰੰਸ ਪਹਿਲਾ ਰੈਜ਼ੀਡੈਂਟ ਬਣਿਆ ਤੇ ਕੌਂਸਲ ਦੇ ਮੈਂਬਰ ਸਰਦਾਰ ਤੇਜ ਸਿੰਘ , ਰਾਜਾ ਸ਼ੇਰ ਸਿੰਘ ਅਟਾਰੀਵਾਲਾ , ਦੀਵਾਨ ਦੀਨਾ ਨਾਥ , ਫ਼ਕੀਰ ਨੂਰਦੀਨ, ਸ.ਰਣਜੋਰ ਸਿੰਘ ਮਜੀਠਾ , ਭਾਈ ਨਿਧਾਨ ਸਿੰਘ , ਅਤਰ ਸਿੰਘ ਕਾਲਿਆਂ ਵਾਲਾ ਅਤੇ ਸ਼ਮਸ਼ੇਰ ਸਿੰਘ ਸੰਧਾਵਾਲੀਆ ਥਾਪੇ ਗਏ। ਪੰਜਾਬ ਅਸਿੱਧੇ ਰੂਪ ਵਿੱਚ ਅੰਗਰੇਜ਼ਾਂ ਥੱਲੇ ਚਲਾ ਗਿਆ ।
ਭਰੋਵਾਲ ਦੇ ਅਹਿਦਨਾਮੇ ਦੀਆਂ ਹੇਠ ਲਿਖੀਆਂ ਸ਼ਰਤਾਂ ਸਨ ;-
1.ਲਾਹੌਰ ਦਰਬਾਰ ਤੇ ਅੰਗਰੇਜ਼ੀ ਸਰਕਾਰ ਵਿਚ 9 ਮਾਰਚ 1846 ਈਸਵੀ ਨੂੰ ਹੋਏ ਅਹਿਦਨਾਮੇ ਦੀ ਸ਼ਰਤ ਨੰਬਰ 15 ਤੋਂ ਬਿਨਾਂ ਸਾਰੀਆਂ ਸ਼ਰਤਾਂ ਦੋਹਾਂ ਸਰਕਾਰਾਂ ਨੂੰ ਪੂਰੀਆਂ ਕਰਨੀਆਂ ਪੈਣਗੀਆਂ।
2.ਇਕ ਅੰਗਰੇਜ਼ੀ ਅਫ਼ਸਰ ਕੁਝ ਲਾਇਕ ਸਹਾਇਕਾਂ ਸਮੇਤ ਲਾਹੌਰ ਰਹਿਣ ਲਈ ਗਵਰਨਰ ਜਨਰਲ ਵੱਲੋਂ ਨੀਯਤ ਕੀਤਾ ਜਾਵੇਗਾ, ਉਸ ਅਫ਼ਸਰ ਨੂੰ ਰਾਜ ਦੇ ਹਰ ਮਹਿਕਮੇ ਦੇ ਕੰਮ ਕਾਜ ਵਿਚ ਦਖ਼ਲਅੰਦਾਜ਼ੀ ਦੇ ਸਿੱਧੇ ਹੱਕ ਹੋਵਣਗੇ।
3.ਰਾਜ ਪ੍ਰਬੰਧ ਚਲਾਉਣ ਵਕਤ ਹਰ ਕੌਮ ਦੇ ਧਰਮ ਅਤੇ ਰਸਮੋ ਰਿਵਾਜ਼ ਦਾ ਖਿਆਲ ਰੱਖਿਆ ਜਾਵੇਗਾ।
4.ਰਾਜ ਪ੍ਰਬੰਧ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਕੀਤੀ ਜਾਵੇਗੀ , ਬਿਨਾ ਉਸਦੇ , ਜੋ ਲੋੜ ਪਈ ‘ਤੇ ਉਪਰ ਲਿਖੇ ਕਾਰਜ ਨੂੰ ਚਲਾਉਣ ਬਦਲੇ ਕੀਤਾ ਜਾਵੇ, ਜੋ ਪ੍ਰਬੰਧ ਲਾਹੌਰ ਦਰਬਾਰ ਦਾ ਮਾਮਲਾ ਇਕੱਠਾ ਕਰਨ ਬਦਲੇ ਕੀਤਾ ਜਾਊ। ਇਹਨਾਂ ਸਾਰੇ ਕੰਮਾਂ ਉੱਤੇ ਓਹੋ ਦੇਸੀ ਅਫ਼ਸਰ ਰਹਿਣਗੇ , ਜੋ ਹੁਣ ਕੰਮ ਕਰਦੇ ਹਨ , ਜਾਂ ਜਿਹੜੇ ਕੌਂਸਲ ਥਾਪੇਗੀ।ਇਸ ਕੌਂਸਲ ਦੇ ਮੈਂਬਰ ਵੱਡੇ ਸਰਦਾਰ ਹੋਣਗੇ, ਜੋ ਹਰ ਤਰ੍ਹਾਂ ਅੰਗਰੇਜ਼ੀ ਰੈਜ਼ੀਡੈਂਟ ਦੇ ਮਾਤਹਿਤ ਹੋਣਗੇ।
5.ਹੇਠ ਲਿਖੇ ਸਰਦਾਰ ਰਾਜ ਦੀ ਪਹਿਲੀ ਕਾਰ ਮੁਖਤਿਆਰ ਕਮੇਟੀ(ਕੌਂਸਲ) ਦੇ ਮੈਂਬਰ ਹੋਣਗੇ:-
ਸ.ਤੇਜ ਸਿੰਘ , ਰਾਜਾ ਸ਼ੇਰ ਸਿੰਘ ਅਟਾਰੀ ਵਾਲਾ, ਦੀਵਾਨ ਦੀਨਾ ਨਾਥ , ਫ਼ਕੀਰ ਨੂਰ ਦੀਨ , ਸ.ਰਣਜੋਰ ਸਿੰਘ ਮਜੀਠਾ, ਭਾਈ ਨਿਧਾਨ ਸਿੰਘ, ਸ.ਅਤਰ ਸਿੰਘ ਕਾਲਿਆਂ ਵਾਲਾ ਤੇ ਸ.ਸ਼ਮਸ਼ੇਰ ਸਿੰਘ ਸੰਧਾਵਾਲੀਆ। ਗਵਰਨਰ ਜਨਰਲ ਦੇ ਬਣਾਏ ਰੈਜ਼ੀਡੈਂਟ ਦੀ ਮਰਜ਼ੀ ਬਿਨਾਂ ਕੌਂਸਲ ਦੇ ਮੈਂਬਰਾਂ ਦੀ ਕੋਈ ਤਬਦੀਲੀ ਨਹੀਂ ਹੋ ਸਕਦੀ।
6.ਅੰਗਰੇਜ਼ ਰੈਜ਼ੀਡੈਂਟ ਦੀ ਮਰਜੀ ਅਨੁਸਾਰ ਇਹ ਕੌਂਸਲ ਮੁਲਕ (ਪੰਜਾਬ) ਦਾ ਰਾਜ ਪ੍ਰਬੰਧ ਵੇਖੇਗੀ।ਰੈਜ਼ੀਡੈਂਟ ਕੋਲ ਹਰ ਮਹਿਕਮੇ ਵਿਚ ਪੂਰੇ ਅਖ਼ਤਿਆਰ ਹਨ ।
7.ਮੁਲਕ ਵਿਚ ਅਮਨ ਕਾਇਮ ਰੱਖਣ ਅਤੇ ਮਹਾਰਾਜੇ ਦੀ ਰਾਖੀ ਲਈ ਇਕ ਅੰਗਰੇਜ਼ੀ ਫ਼ੌਜ , ਜਿਸਦੀ ਗਿਣਤੀ ਗਵਰਨਰ ਜਨਰਲ ਤਹਿ ਕਰੇਗਾ, ਉਨ੍ਹੀਂ ਉਨ੍ਹੀਂ ਥਾਂਈ ਲਾਹੌਰ ਰਾਜ ਵਿਚ ਰੱਖੀ ਜਾਏਗੀ ਜਿਥੇ ਕਿ ਗਵਰਨਰ ਜਨਰਲ ਜ਼ਰੂਰੀ ਸਮਝੇਗਾ।
8.ਗਵਰਨਰ ਜਨਰਲ ਨੂੰ ਅਖ਼ਤਿਆਰ ਹੋਵੇਗਾ ਕਿ ਮੁਲਕ ਵਿਚ ਅਮਨ ਅਤੇ ਰਾਜਧਾਨੀ ਦੀ ਰਾਖੀ ਲਈ ਲਾਹੌਰ ਦਰਬਾਰ ਦੇ ਜਿਨ੍ਹਾਂ ਕਿਲ੍ਹਿਆਂ ਜਾਂ ਫੌਜੀ ਟਿਕਾਣਿਆਂ ਦੀ ਲੋੜ ਸਮਝੇ ,ਉਹਨਾਂ ਤੇ ਕਬਜਾ ਕਰ ਸਕਦਾ ਹੈ।
9.ਇਸ ਸਮੇਂ ਅੰਗਰੇਜ਼ੀ ਫ਼ੌਜ ਦੇ ਖਰਚ ਤੇ ਸਰਕਾਰ ਅੰਗਰੇਜ਼ੀ ਦੇ ਹੋਰ ਖ਼ਰਚ ਲਈ ਲਾਹੌਰ ਦਰਬਾਰ 22 ਲੱਖ ਰੁਪਿਆ ਦੇਵੇਗਾ।
10.ਚੂੰਕਿ ਇਹ ਜ਼ਰੂਰੀ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਅਤੇ ਉਸ ਦੇ ਸਬੰਧੀਆਂ ਦੇ ਗੁਜ਼ਾਰੇ ਲਈ ਯੋਗ ਪ੍ਰਬੰਧ ਕੀਤਾ ਜਾਵੇ । ਇਸ ਲਈ ਮਹਾਰਾਣੀ ਲਈ ਡੂਢ ਲੱਖ ਰੁਪਿਆ ਸਲਾਨਾ ਦਿੱਤਾ ਜਾਵੇਗਾ।
11.ਇਸ ਅਹਿਦਨਾਮੇ ਦੀਆਂ ਸ਼ਰਤਾਂ ‘ਤੇ ਮਹਾਰਾਜਾ ਦਲੀਪ ਸਿੰਘ ਦੇ ਨਾਬਾਲਗੀ ਦੇ ਦਿਨਾਂ ਤਕ ਅਮਲ ਕੀਤਾ ਜਾਵੇਗਾ । ਜਦ ਮਹਾਰਾਜਾ ਸਾਹਿਬ 16 ਸਾਲ ਦੇ ਹੋ ਜਾਣਗੇ ਜਾਂ 4 ਸਤੰਬਰ 1854 ਨੂੰ ਇਹ ਸਾਰੀਆਂ ਸ਼ਰਤਾਂ ਖ਼ਤਮ ਹੋ ਜਾਣਗੀਆਂ।
ਬਲਦੀਪ ਸਿੰਘ ਰਾਮੂੰਵਾਲੀਆ
Comments (2)
Maninder - March 10, 2024
These write ups are hair raising
So much investigative details
A lot to add to knowledge
Ghualm Abbas - April 9, 2024
Great Information we should stand with eachother to conserve our Heritage as per my opionion heritage should be beyound border etc.