ਖੰਡਹਰ ਬਣ ਰਹੀ ਮਹਾਨ ਸ਼ਹੀਦ ਜੱਥੇਦਾਰ ਫੂਲਾ ਸਿੰਘ ਜੀ ਦੀ ਸਮਾਧ

ਇਹ ਜੋ ਲਾਵਾਰਿਸ ਪਈ, ਖੰਡਹਰ ਵਿੱਚ ਤਬਦੀਲ ਹੁੰਦੀ ਇਮਾਰਤ ਤੁਸੀਂ ਵੇਖ ਰਹੇ ਹੋ, ਇਹ ਦੇਸ ਪੰਜਾਬ ਅਤੇ ਖਾਲਸਾ ਪੰਥ ਦੇ ਮਾਣਮੱਤੇ ਇਤਿਹਾਸ ਦੀ ਨਿਸ਼ਾਨੀ ਹੈ.
ਗੁਰਦੁਆਰਾ ਪੰਜਾ ਸਾਹਿਬ ਤੋਂ ਕੁਝ ਅੱਗੇ ਜਾ ਕੇ ਪੰਜਾਬ ਦੀ ਹੱਦ ਖ਼ਤਮ ਹੁੰਦੀ ਹੈ ਅਤੇ ਖੈਬਰ ਪਖ਼ਤੂਨਵਾ ਦਾ ਇਲਾਕਾ ਸ਼ੁਰੂ ਹੁੰਦਾ ਹੈ. ਇਸੇ ਇਲਾਕੇ ਵਿੱਚ ਹੀ ਅਟਕ ਅਤੇ ਕਾਬਲ ਦਰਿਆ ਪੈਂਦੇ ਨੇ. ਨੌਸ਼ਹਿਰਾ ਤੋਂ 4 ਕੁ ਕੋਹ ਦੇ ਫ਼ਾਸਲੇ ਤੇ ਪੈਂਦੇ ਪਿੰਡ ਪੀਰ ਸਬਾਕ ਵਿੱਚ ਕਾਬਲ ਦਰਿਆ ਦੇ ਕੰਢੇ ਇਹ ਹੈ ਕੌਮ ਦੇ ਮਹਾਨ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸਮਾਧ.
23 ਮਾਰਚ 1823 ਨੂੰ ਇਸੇ ਇਲਾਕੇ ਵਿੱਚ ਅਫ਼ਗ਼ਾਨਿਸਤਾਨ ਦੀ ਫੌਜ ਨਾਲ ਦੇਸ ਪੰਜਾਬ ਦੀਆਂ ਫੌਜਾਂ ਦੀ ਜੰਗ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗੁਵਾਈ ਵਿੱਚ ਹੋਈ. ਇਸ ਲੜਾਈ ਦੇ ਵਿੱਚ ਫ਼ਤਹਿ ਖ਼ਾਲਸੇ ਦੀ ਹੋਈ ਅਤੇ ਅਫ਼ਗਾਨ ਮੈਦਾਨ ਛੱਡ ਕੇ ਭੱਜ ਗਏ. ਪਰ ਇੱਕ ਬਹੁਤ ਵੱਡਾ ਘਾਟਾ ਖ਼ਾਲਸੇ ਨੂੰ ਪਿਆ ਕਿ ਪੰਥ ਦੇ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਹੋ ਗਏ.
ਅਕਾਲੀ ਜੀ ਦਾ ਅੰਤਿਮ ਸੰਸਕਾਰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪਿੰਡ ਪੀਰ ਸਬਾਕ ਵਿੱਚ ਦਰਿਆ ਕਾਬਲ ਦੇ ਕੰਢੇ ਇਸ ਅਸਥਾਨ ‘ਤੇ ਕਰਾਇਆ. ਇੱਥੇ ਹੀ ਸ਼ੇਰ ਏ ਪੰਜਾਬ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸਮਾਧ ਦੀ ਉਸਾਰੀ ਕਰਾਈ ਗਈ ਅਤੇ ਸਮਾਧ ਦੀ ਸਾਂਭ ਸੰਭਾਲ ਲਈ ਇਸ ਦੇ ਨਾਲ ਹੀ ਨਿਹੰਗ ਸਿੰਘਾਂ ਦੀ ਛਾਉਣੀ ਬਣਾਈ ਗਈ. ਇਸ ਦੀ ਇਮਾਰਤ ਇਸ ਸਮਾਧ ਦੇ ਪਿਛਲੇ ਪਾਸੇ ਤੁਸੀਂ ਵੇਖ ਸਕਦੇ ਹੋ. ਇਸ ਜਗ੍ਹਾ ਤੇ ਪੰਜਾਬ ਦੀ ਵੰਡ ਤੱਕ ਸਿੱਖਾਂ ਅਤੇ ਹਿੰਦੂਆਂ ਤੋਂ ਅਲਾਵਾ ਪਠਾਣ ਵੀ ਆਉਂਦੇ ਅਤੇ ਪੰਗਤ ਵਿੱਚ ਬਹਿ ਕੇ ਲੰਗਰ ਛੱਕਦੇ ਸਨ.
ਪਰ ਸੈਂਕੜੇ ਹੋਰ ਗੁਰਧਾਮਾਂ ਵਾਂਗ ਪੰਜਾਬ ਦੀ ਵੰਡ ਨੇ ਸਾਨੂੰ ਆਪਣੇ ਮਹਾਨ ਜੱਥੇਦਾਰ ਦੀ ਇਸ ਪਾਵਨ ਪਵਿੱਤਰ ਯਾਦਗਾਰ ਤੋਂ ਵੀ ਦੂਰ ਕਰ ਦਿੱਤਾ ਅਤੇ ਅੱਜ ਇਹ ਸਮਾਧ ਅਤੇ ਇਮਾਰਤ ਖੰਡਹਰ ਦਾ ਰੂਪ ਧਾਰਦੀ ਜਾ ਰਹਿ ਹੈ. ਜਦੋਂ ਪਿਛਲੇ ਸਾਲ ਜੁਲਾਈ ਵਿੱਚ ਜੀਵੇ ਸਾਂਝਾ ਪੰਜਾਬ ਦੀ ਸਾਡੀ ਟੀਮ ਇਸ ਅਸਥਾਨ ਤੇ ਪਹੁੰਚੀ ਅਤੇ ਆਸਪਾਸ ਰਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੂੰ ਸਿਰਫ਼ ਇੰਨਾ ਹੀ ਪਤਾ ਸੀ ਕਿ ਇਹ ਸਿੱਖਾਂ ਦੀ ਕੋਈ ਜਗ੍ਹਾ ਹੈ, ਇਸ ਤੋਂ ਵੱਧ ਕੋਈ ਨਹੀਂ ਸੀ ਜਾਣਦਾ. ਵਾਹਿਗੁਰੂ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਬਖ਼ਸ਼ੇ.
ਪਰਗਟ ਸਿੰਘ,
ਜੀਵੇ ਸਾਂਝਾ ਪੰਜਾਬ.

Leave a Reply

Your email address will not be published. Required fields are marked*