‘ਲਾਹੌਰ’ ਅਤੇ ‘ਅੰਮ੍ਰਿਤਸਰ’ ਜੋ ਕਦੇ ਵੱਖ ਹੋ ਗਏ..!

ਪੰਜਾਬ ਦੀ ਗੱਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਤਾਂ ਉਸ ਪੰਜਾਬ ਤੋਂ ਬਿਨ੍ਹਾਂ ਸਦਾ ਅਧੂਰੀ ਰਹੇਗੀ ਜੋ ਕਿ ਸੰਤਾਲੀ ਦੀ ਵੰਡ ਤੋਂ ਪਹਿਲਾਂ ਵਾਲਾ ‘ਸਾਂਝਾ ਪੰਜਾਬ’ ਹੁੰਦਾ ਸੀ। ਉਸਤੋਂ ਅੱਗੇ ਜੇ ਗੱਲ ਸਾਂਝੇ ਪੰਜਾਬ ਦੀ ਕਰੀਏ ਤਾਂ ਇਸਦੇ ਦੋ ਸਿਰਮੌਰ ਸ਼ਹਿਰਾਂ ‘ਲਾਹੌਰ’ ਅਤੇ ‘ਅੰਮ੍ਰਿਤਸਰ’ ਤੋਂ ਬਿਨ੍ਹਾਂ ਅਧੂਰੀ ਜਾਪਦੀ ਹੈ ਜੋ ਕਿ ਕਿਸੇ ਵੇਲੇ ਇੱਕ ਦੂਸਰੇ ਦੀ ਜਿੰਦ-ਜਾਨ ਹੋਇਆ ਕਰਦੇ ਸਨ। ਕਿਸੇ ਵੇਲੇ ਇੱਥੋਂ ਦੇ ਉਹ ਬਾਸ਼ਿੰਦੇ ਇਨ੍ਹਾਂ ਸ਼ਹਿਰਾਂ ਦੀ ਨਬਜ਼ ਹੁੰਦੇ ਸਨ ਜੋ ਵੰਡ ਵੇਲੇ ਮਜ਼ਬੂਰਨ ਇਨ੍ਹਾਂ ਸ਼ਹਿਰਾਂ ਨੂੰ ਸਦਾ ਲਈ ਛੱਡਕੇ ਨਵੀਂਆਂ ਬਣੀਆਂ ਸਰਹੱਦਾਂ ਪਾਰ ਕਰਕੇ ਚਲੇ ਗਏ। ਸਦੀਆਂ ਤੋਂ ਪੰਜਾਬ ਦਾ ਦਿਲ ਤੇ ਜਿੰਦ-ਜਾਨ ਰਿਹਾ ਸ਼ਹਿਰ ‘ਲਾਹੌਰ’ ਸੰਤਾਲੀ ਦੀ ਵੰਡ ਵੇਲੇ ਸਾਡੇ ਕੋਲੋਂ ਸਦਾ ਲਈ ਵਿੱਛੜ ਗਿਆ ਅਤੇ ਨਵੇਂ ਬਣੇ ਮੁਲਕ ਪਾਕਿਸਤਾਨ ਦਾ ਹਿੱਸਾ ਬਣ ਗਿਆ। ਸਾਡੇ ਹਿੱਸੇ ਆਇਆ ਇਸਦਾ ਜੁੜਵਾ ਸ਼ਹਿਰ ‘ਅੰਮ੍ਰਿਤਸਰ’ ਜੋ ਕਿ ਉਸ ਵੇਲੇ ਲਾਹੌਰ ਤੋਂ ਬਾਅਦ ਪੰਜਾਬ ਦਾ ਦੂਜਾ ਵੱਡਾ ਸ਼ਹਿਰ ਸੀ। ਇਨ੍ਹਾਂ ਦੋਨਾਂ ਜ਼ਿੰਦਾ-ਦਿਲ ਸ਼ਹਿਰਾਂ ਦੀ ਕਹਾਣੀ ਸੰਤਾਲੀ ਦੀ ਵੰਡ ਤੋਂ ਵੀ ਕਿਤੇ ਪਹਿਲਾਂ ਦੀ ਹੈ।

ਦੋਨਾਂ ਸ਼ਹਿਰਾਂ ਵਿੱਚ ਬਹੁਤ ਸਮਾਨਤਾਵਾਂ ਹੋਣ ਕਰਕੇ ਇਹ ਜੁੜਵਾ ਸ਼ਹਿਰਾਂ (Twin Cities) ਵਜੋਂ ਜਾਣੇ ਜਾਂਦੇ ਸਨ। ਲਾਹੌਰ ਸ਼ਹਿਰ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ ਅਤੇ ਅੰਮ੍ਰਿਤਸਰ ਇਸਦੇ ਚੜ੍ਹਦੇ ਪਾਸੇ ਲਗਭਗ ਪੰਜਾਹ ਕਿੱਲੋਮੀਟਰ ਤੇ ਸਥਿਤ ਹੈ। ਦੋਨਾਂ ਸ਼ਹਿਰਾਂ ਦੇ ਵਿਚਾਲੇ ਹਿੰਦ-ਪਾਕ ਅੰਤਰਰਾਸ਼ਟਰੀ ਸਰਹੱਦ ਹੈ ਜਿਸਨੇ ਸੰਤਾਲੀ ਦੀ ਵੰਡ ਵੇਲੇ ਦੋਵੇਂ ਸ਼ਹਿਰ ਵੱਖ ਵੱਖ ਕਰ ਦਿੱਤੇ। ਵੰਡ ਤੋਂ ਪਹਿਲਾਂ ਵਾਲੇ ਸਾਂਝੇ ਪੰਜਾਬ ਦੇ ਨਕਸ਼ੇ ਨੂੰ ਜੇ ਵੇਖੀਏ ਤਾਂ ਇਹ ਦੋਨੋਂ ਸ਼ਹਿਰ ਪੰਜਾਬ ਦੇ ਬਿਲਕੁਲ ਕੇਂਦਰ ਵਿੱਚ ਆਉਂਦੇ ਹਨ ਅਤੇ ਇਸ ਖ਼ਿੱਤੇ ਨੂੰ ‘ਬਾਰੀ ਦੁਆਬ’ ਕਿਹਾ ਜਾਂਦਾ ਹੈ। ਪਰ ਇਸ ਇਲਾਕੇ ਦਾ ਨਾਂ ‘ਮਾਝਾ’ ਜ਼ਿਆਦਾ ਪ੍ਰਚੱਲਿਤ ਹੈ। ਇਸ ਤਰ੍ਹਾਂ ਪੰਜਾਬ ਦੇ ਇਹ ਦੋਵੇਂ ਵੱਡੇ ਸ਼ਹਿਰ ‘ਮਾਝੇ’ ਦੇ ਹਿੱਸੇ ਆਉਂਦੇ ਹਨ। ਇਸਤੋਂ ਬਿਨ੍ਹਾਂ ਦੋਨਾਂ ਸ਼ਹਿਰਾਂ ਦੇ ਅੰਦਰੂਨ ਇਲਾਕੇ ਵੀ ਹਨ ਜੋ ਕਿਸੇ ਵੇਲੇ ਸ਼ਹਿਰਾਂ ਦੀ ਸੁਰੱਖਿਆ ਲਈ ਬਣੀਆਂ ਹੋਈਆਂ ਕੰਧਾਂ ਦੇ ਅੰਦਰ ਵੱਸੇ ਸਨ। ਹੁਣ ਦੋਨਾਂ ਸ਼ਹਿਰਾਂ ਵਿੱਚ ਇਨ੍ਹਾਂ ਕੰਧਾਂ ਦੇ ਸਿਰਫ਼ ਦਰਵਾਜ਼ੇ ਹੀ ਬਚੇ ਹੋਏ ਹਨ। ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਵੇਲੇ ਜਿੱਥੇ ਲਾਹੌਰ ਉਨ੍ਹਾਂ ਦੇ ਵਿਸ਼ਾਲ ‘ਸਿੱਖ ਰਾਜ’ ਦੀ ਰਾਜਧਾਨੀ ਸੀ, ਉੱਥੇ ਹੀ ਅੰਮ੍ਰਿਤਸਰ ਵਪਾਰਕ ਕੇਂਦਰ ਵਜੋਂ ਵਿਕਸਿਤ ਹੋ ਰਿਹਾ ਸੀ।

ਮਾਰਚ,1849 ਈਸਵੀ ਵਿੱਚ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਅਤੇ 1857 ਈਸਵੀ ਵਿੱਚ ਅੰਗਰੇਜ਼ਾਂ ਨੇ ਹਿੰਦੁਸਤਾਨੀਆਂ ਦਾ ਵਿਦਰੋਹ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸਦੇ ਨਾਲ ਹੀ ਪੂਰੇ ਭਾਰਤ ਵਿੱਚ ਬ੍ਰਿਟਿਸ਼ ਈਸਟ ਕੰਪਨੀ ਦਾ ਰਾਜ ਖਤਮ ਹੋ ਗਿਆ ਅਤੇ ਹਕੂਮਤ ਬਰਤਾਨੀਆਂ ਦੇ ਹੁਕਮਰਾਨਾਂ ਦੇ ਹੱਥਾਂ ਵਿੱਚ ਚਲੀ ਗਈ। ਵੀਹਵੀਂ ਸਦੀ ਦੀ ਸ਼ੁਰੂਆਤ ਤੱਕ ਪੰਜਾਬ ਵਿੱਚ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ। ਸਿੰਜਾਈ ਲਈ ਨਵੀਆਂ ਨਹਿਰਾਂ ਪੁਟਵਾਈਆਂ ਗਈਆਂ। ਰੇਲ ਪਟੜੀਆਂ ਵਿਛਾਈਆਂ ਗਈਆਂ ਅਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਨੂੰ ਰਾਜਧਾਨੀ ਲਾਹੌਰ ਦੇ ਨਾਲ ਜੋੜਿਆ ਗਿਆ। ਹੁਣ ਇੱਥੇ ਆਪਾਂ ਅੰਗਰੇਜ਼ਾਂ ਵੱਲੋਂ ਸਾਲ 1881 ਵਿੱਚ ਕੀਤੀ ਗਈ ਮਰਦਮਸ਼ੁਮਾਰੀ ਦੀ ਗੱਲ ਕਰਦੇ ਹਾਂ, ਜਿਸ ਵਿੱਚ ਲਾਹੌਰ ਸ਼ਹਿਰ ਦੀ ਅਬਾਦੀ ਉਨ੍ਹਾਂ ਨੇ ਲਗਪਗ 1.49 ਲੱਖ ਦਰਜ ਕੀਤੀ ਅਤੇ ਅੰਮ੍ਰਿਤਸਰ ਦੀ 1.52 ਲੱਖ ਸੀ ਜੋ ਕਿ ਲਾਹੌਰ ਦੀ ਅਬਾਦੀ ਤੋਂ ਜਿਆਦਾ ਸੀ। ਪਰ ਸਾਲ 1941 ਵਿੱਚ ਲਾਹੌਰ ਅਤੇ ਅੰਮ੍ਰਿਤਸਰ ਦੀ ਅਬਾਦੀ ਕ੍ਰਮਵਾਰ 6.71 ਲੱਖ ਅਤੇ 3.91 ਲੱਖ ਦਰਜ ਕੀਤੀ ਗਈ ਸੀ। ਇਸ ਤਰ੍ਹਾਂ ਲਾਹੌਰ, ਅੰਮ੍ਰਿਤਸਰ ਤੋਂ ਅਬਾਦੀ ਅਤੇ ਅਕਾਰ ਵਿੱਚ ਬਹੁਤ ਅੱਗੇ ਲੰਘ ਗਿਆ ਸੀ, ਇਸਦੇ ਪਿੱਛੇ ਵੀ ਕੁਝ ਕਾਰਨ ਸਨ।

(ਸਰ ਗੰਗਾ ਰਾਮ, ਆਧੁਨਿਕ ਲਾਹੌਰ ਦੇ ਪਿਤਾਮਾ)

ਅੰਗਰੇਜ਼ਾਂ ਨੇ ਲਾਹੌਰ ਨੂੰ ਹੀ ਪੰਜਾਬ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਅਤੇ ਇਸਨੂੰ ਆਧੁਨਿਕ ਸਿੱਖਿਆ, ਕਲਾ, ਮੀਡੀਆ ਅਤੇ ਫ਼ੈਸ਼ਨ ਦੇ ਵੱਡੇ ਕੇਂਦਰ ਵਜੋਂ ਵਿਕਸਿਤ ਕੀਤਾ। ਗੌਰਮਿੰਟ ਕਾਲਜ (1864), ਫੋਰਮਨ ਕ੍ਰਿਸਚੀਅਨ ਕਾਲਜ (1866), ਲਾਅ ਕਾਲਜ (1870) ਪੰਜਾਬ ਯੂਨੀਵਰਸਿਟੀ (1882) ਅਤੇ ਐਚੀਸਨ ਕਾਲਜ (1886) ਵਰਗੇ ਉੱਚ ਪੱਧਰੀ ਤਾਲੀਮੀ ਅਦਾਰੇ ਇੱਥੇ ਕਾਇਮ ਕੀਤੇ ਗਏ। ਸਾਲ 1882 ਵਿੱਚ ਲਾਹੌਰ ਹਾਈਕੋਰਟ ਸ਼ੁਰੂ ਹੋਈ। ਲਾਹੌਰ ਵਿੱਚ ਕਿੰਗ ਐਡਵਰਡ ਮੈਡੀਕਲ ਕਾਲਜ (1860) ਅਤੇ ਮੇਓ ਹਸਪਤਾਲ (1871) ਉੱਤਰੀ ਬਰਤਾਨਵੀ ਭਾਰਤ ਦੇ ਵੱਡੇ ਮੈਡੀਕਲ ਸਿੱਖਿਆ ਅਤੇ ਸਹੂਲਤਾਂ ਦੇ ਅਦਾਰਿਆਂ ਵਜੋਂ ਹੋਂਦ ਵਿੱਚ ਆਏ। ਨਤੀਜੇ ਵਜੋਂ ਪੰਜਾਬ ਦੇ ਕੋਨੇ ਕੋਨੇ ਤੋਂ ਕਾਮਯਾਬ ਵਪਾਰੀ ਅਤੇ ਕਾਰੋਬਾਰੀ ਆਪਣੀਆਂ ਅਗਲੀਆਂ ਪੀੜ੍ਹੀਆਂ ਦੀ ਚੰਗੀ ਤਾਲੀਮ ਲਈ ਲਾਹੌਰ ਆ ਗਏ। ਉਨ੍ਹਾਂ ਨੇ ਆਪਣੀਆਂ ਰਿਹਾਇਸ਼ਾਂ ਅਤੇ ਕਾਰੋਬਾਰ ਵੀ ਇੱਥੇ ਹੀ ਪੱਕੇ ਕਰ ਲਏ। ਇਸ ਤੋਂ ਬਿਨ੍ਹਾਂ ਹੋਰ ਉੱਚ ਤੇ ਮੱਧਵਰਗੀ ਪਰਿਵਾਰਾਂ ਅਤੇ ਕਈ ਸਰਕਾਰੀ ਅਫਸਰਾਂ ਨੇ ਆਪਣੇ ਬੱਚੇ ਲਾਹੌਰ ਦੇ ਇਨ੍ਹਾਂ ਤਾਲੀਮੀ ਅਦਾਰਿਆਂ ਵਿੱਚ ਭੇਜੇ। ਇਨ੍ਹਾਂ ਵਿੱਚੋਂ ਬਹੁਤੇ ਬਾਅਦ ਵਿੱਚ ਕਾਮਯਾਬ ਡਾਕਟਰ, ਵਕੀਲ, ਇੰਜੀਨੀਅਰ, ਪ੍ਰੋਫੈਸਰ ਅਤੇ ਹੋਰ ਅਫ਼ਸਰ ਬਣੇ ਅਤੇ ਪੱਕੇ ਤੌਰ ਤੇ ਇੱਥੇ ਹੀ ਵੱਸ ਗਏ। ਤੇਰਾਂ ਦਰਵਾਜ਼ਿਆਂ ਵਾਲੀ ਕੰਧ ਅੰਦਰਲਾ ਲਾਹੌਰ ਬਾਹਰ ਵੱਲ ਤੇਜ਼ੀ ਨਾਲ ਵੱਧਣਾ ਸ਼ੁਰੂ ਹੋ ਗਿਆ। ‘ਆਧੁਨਿਕ ਲਾਹੌਰ ਦੇ ਪਿਤਾਮਾ’ ਵਜੋਂ ਜਾਣੇ ਜਾਂਦੇ ‘ਸਰ ਗੰਗਾ ਰਾਮ’ ਦਾ ਇਸ ਸ਼ਹਿਰ ਦੇ ਨਵੀਨੀਕਰਣ ਵਿੱਚ ਬਹੁਤ ਜਿਆਦਾ ਯੋਗਦਾਨ ਸੀ, ਜੋ ਕਿ ਉਸ ਸਮੇਂ ਦੇ ਉੱਚਕੋਟੀ ਦੇ ਸਿਵਲ ਇੰਜੀਨਅਰ ਸਨ। ਸ਼ਹਿਰ ਦੀਆਂ ਬਹੁਤੀਆਂ ਸ਼ਾਨਦਾਰ ਇਮਾਰਤਾਂ ਅਤੇ ਨਵੇਂ ਰਿਹਾਇਸ਼ੀ ਨਗਰ ਉਨ੍ਹਾਂ ਦੀ ਹੀ ਦੇਣ ਹਨ ਜਿਵੇਂ ਕਿ ਲਾਹੌਰ ਜਨਰਲ ਡਾਕਖ਼ਾਨਾ, ਲਾਹੌਰ ਮਿਊਜ਼ੀਅਮ, ਮੇਓ ਸਕੂਲ ਆਫ ਆਰਟਸ, ਐਚੀਸਨ ਕਾਲਜ, ਮੇਓ ਹਸਪਤਾਲ, ਸਰ ਗੰਗਾਰਾਮ ਹਸਪਤਾਲ, ਲਾਹੌਰ ਹਾਈਕੋਰਟ, ਸਰ ਗੰਗਾਰਾਮ ਹਾਈ ਸਕੂਲ, ਹੈਲੇ ਕਾਮਰਸ ਕਾਲਜ, ਮਾਲ ਰੋਡ ਲਾਹੌਰ ਅਤੇ ਮਾਡਲ ਟਾਊਨ।

(ਭਾਈ ਰਾਮ ਸਿੰਘ, ਫ਼ਾਈਲ ਫ਼ੋਟੋ)

ਇਨ੍ਹਾਂ ਵਿੱਚੋਂ ਕੁਝ ਇਮਾਰਤਾਂ ਉੱਤੇ ਸਰ ਗੰਗਾ ਰਾਮ ਨੇ ਭਾਈ ਰਾਮ ਸਿੰਘ (ਆਰਕੀਟੈਕਟ) ਨਾਲ ਮਿਲਕੇ ਕੰਮ ਕੀਤਾ ਸੀ। ਸਿਵਲ ਲਾਈਨਜ਼ ਅਤੇ ਮਾਡਲ ਟਾਊਨ ਆਧੁਨਿਕ ਤੇ ਸ਼ਾਨਦਾਰ ਰਿਹਾਇਸ਼ੀ ਮਹੱਲੇ ਸਨ ਜਿੱਥੇ ਜਿਆਦਾਤਰ ਵਕੀਲ, ਡਾਕਟਰ, ਸਰਕਾਰੀ ਅਫਸਰ, ਯੂਨੀਵਰਸਿਟੀ ਤੇ ਕਾਲਜਾਂ ਦੇ ਪ੍ਰੋਫੈਸਰ, ਸਕੂਲਾਂ ਦੇ ਅਧਿਆਪਕ, ਬੈਂਕਾਂ ਦੇ ਮੁਲਾਜ਼ਮ ਅਤੇ ਹੋਰ ਅਮੀਰ ਤਹਿਜ਼ੀਬ ਯਾਫਤਾ ਸ਼ਹਿਰੀਆਂ ਦੀ ਰਿਹਾਇਸ਼ ਹੁੰਦੀ ਸੀ। ਇਸ ਤਰ੍ਹਾਂ ਲਾਹੌਰ ਬਰਤਾਨਵੀ ਰਾਜ ਦੇ ਸ਼ਹਿਰੀ ਵਿਕਾਸ ਅਤੇ ਯੋਜਨਾਬੰਦੀ ਦੀ ਸਭ ਤੋਂ ਸ਼ਾਨਦਾਰ ਮਿਸਾਲ ਬਣਿਆਂ। ਇਸ ਦੌਰ ਵਿੱਚ ਹੀ ਲਾਹੌਰ ਛਪਾਈ ਉਦਯੋਗ ਦੇ ਕੇਂਦਰ ਵਜੋਂ ਵੀ ਵਿਕਸਿਤ ਹੋਇਆ। ਇਹ ਵੀ ਕਿਹਾ ਜਾਂਦਾ ਏ ਕਿ ਉਸ ਵਕਤ ਇੱਥੇ ਛਪਣ ਵਾਲੇ ਕਈ ਅਖ਼ਬਾਰਾਂ (ਰੋਜ਼ਾਨਾ ਤੇ ਹਫ਼ਤਾਵਾਰੀ) ਅਤੇ ਰਸਾਲਿਆਂ (ਮਾਸਿਕ,ਤਿਮਾਹੀ ਤੇ ਛਿਮਾਹੀ) ਦੀ ਗਿਣਤੀ 200 ਤੋਂ ਵੀ ਜ਼ਿਆਦਾ ਸੀ। ਅੰਗਰੇਜ਼ੀ ਅਖਬਾਰ ‘ਦ ਟ੍ਰਿਬਿਊਨ’ ਸਭ ਤੋਂ ਪਹਿਲਾਂ ਲਾਹੌਰ ਤੋਂ ਹੀ ਛਪਣਾ ਸ਼ੁਰੂ ਹੋਇਆ ਸੀ। ਪੰਜਾਬੀ ਅਖਬਾਰ ‘ਅਜੀਤ’ ਵੀ ਰੋਜ਼ਾਨਾ ਅਖਬਾਰ ਵਜੋਂ ਲਾਹੌਰ ਤੋਂ ਹੀ ਸ਼ੁਰੂ ਹੋਇਆ ਸੀ ਜੋ ਉਸ ਸਮੇਂ ਉਰਦੂ ਵਿੱਚ ਛਪਦਾ ਸੀ। ਇਨ੍ਹਾਂ ਤੋਂ ਬਿਨ੍ਹਾਂ ‘ਪ੍ਰਤਾਪ’, ‘ਮਿਲਾਪ’ ਅਤੇ ‘ਪ੍ਰਭਾਤ’(ਤਿੰਨੇ ਉਰਦੂ ਵਿੱਚ) ਅਖਬਾਰ ਵੀ ਲਾਹੌਰ ਤੋਂ ਹੀ ਛਪਦੇ ਸਨ।

ਸ਼ੁਰੂਆਤੀ ਦੌਰ ਵਿੱਚ ਬਣਨ ਵਾਲੀਆਂ ਖ਼ਾਮੋਸ਼ ਫਿਲਮਾਂ(ਸਾਈਲੈਂਟ ਮੂਵੀਜ਼) ਤੋਂ ਬਾਅਦ ਸਾਲ 1931 ਵਿੱਚ ਭਾਰਤ ਵਿੱਚ ਬੋਲਣ ਵਾਲ਼ੀਆਂ ਫਿਲਮਾਂ(ਟਾਕੀਜ਼) ਦੀ ਸ਼ੁਰੂਆਤ ਹੋ ਗਈ ਸੀ ਅਤੇ ਉਸਤੋਂ ਅਗਲੇ ਹੀ ਸਾਲ 1932 ਵਿੱਚ ਲਾਹੌਰ ਵਿੱਚ ਪਹਿਲੀ ਬੋਲਦੀ ਫ਼ਿਲਮ ‘ਹੀਰ ਰਾਂਝਾ’ ਉਰਫ ‘ਹੂਰ ਏ ਪੰਜਾਬ’ ਹਿੰਦੁਸਤਾਨੀ ਭਾਸ਼ਾ ਵਿੱਚ ਰਿਲੀਜ਼ ਹੋਈ। ਪੰਜਾਬੀ ਦੀ ਪਲੇਠੀ ਬੋਲਦੀ ਫ਼ਿਲਮ ‘ਮਿਰਜ਼ਾ ਸਾਹਿਬਾਂ’ ਉਰਫ਼ ‘ਇਸ਼ਕ ਏ ਪੰਜਾਬ’ ਸਾਲ 1935 ਵਿੱਚ ਅਤੇ ਦੂਜੀ ਫ਼ਿਲਮ ‘ਸ਼ੀਲਾ’ ਉਰਫ਼ ‘ਪਿੰਡ ਦੀ ਕੁੜੀ’ ਸਾਲ 1936 ਵਿੱਚ ਲਾਹੌਰ ਵਿੱਚ ਰਿਲੀਜ਼ ਹੋਈਆਂ। ਇਨ੍ਹਾਂ ਦੋਨਾਂ ਫਿਲਮਾਂ ਦੀ ਅਪਾਰ ਸਫਲਤਾ ਤੋਂ ਪ੍ਰਭਾਵਿਤ ਕਈ ਨਿਰਮਾਤਾ ਤੇ ਨਿਰਦੇਸ਼ਕਾਂ ਦਾ ਧਿਆਨ ਪੰਜਾਬੀ ਫਿਲਮਾਂ ਤਿਆਰ ਕਰਨ ਵੱਲ ਖਿੱਚਿਆ ਗਿਆ। ਜਿਨ੍ਹਾਂ ਵਿੱਚੋਂ ਕੇ. ਡੀ. ਮਹਿਰਾ, ਆਰ ਐੱਲ ਸ਼ੋਰੀ, ਦਲਸੁਖ ਐੱਮ ਪੰਚੋਲੀ, ਰੂਪ ਕੇ ਸ਼ੋਰੀ, ਬੀ. ਐੱਸ ਰਾਜਹੰਸ ਆਦਿ ਨਾਮ ਪ੍ਰਮੁੱਖ ਨੇ। ਇਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਨਿਰਮਾਣ ਲਈ ਆਪਣੇ ਦਫਤਰ ਅਤੇ ਸਟੂਡੀਓ ਲਾਹੌਰ ਵਿੱਚ ਖੋਲ੍ਹੇ। ਨਿਰੰਜਨ ਟਾਕੀਜ਼, ਪ੍ਰਭਾਤ ਟਾਕੀਜ਼, ਕਰਾਊਨ ਟਾਕੀਜ਼, ਰੀਜੈਂਟ ਸਿਨੇਮਾ ਅਤੇ ਪ੍ਰਭਾਤ ਸਿਨੇਮਾ ਵਰਗੇ ਸਿਨੇਮਾਘਰ ਲਾਹੌਰ ਵਿੱਚ ਬਣੇ। ਇਸ ਤਰ੍ਹਾਂ ਲਾਹੌਰ ਪੰਜਾਬੀ ਤੇ ਕੁਝ ਹਿੰਦੀ/ਉਰਦੂ ਫਿਲਮਾਂ ਬਣਾਉਣ ਅਤੇ ਰਿਲੀਜ਼ ਕਰਕੇ ਬੰਬਈ ਅਤੇ ਕੱਲਕੱਤਾ ਦੇ ਫ਼ਿਲਮ ਨਿਰਮਾਣ ਕੇਂਦਰਾਂ ਦੇ ਮੁਕਾਬਲੇ ਵਿੱਚ ਤੀਜੇ ਉੱਭਰਦੇ ਕੇਂਦਰ ਵਜੋਂ ਹੋਂਦ ਵਿੱਚ ਆਇਆ। ਜਿਸ ਕਰਕੇ ਅਦਾਕਾਰੀ ਅਤੇ ਗੀਤ ਸੰਗੀਤ ਜਗਤ ਨਾਲ ਜੁੜੀਆਂ ਨਾਮੀ ਹਸਤੀਆਂ ਨੇ ਲਾਹੌਰ ਵਿੱਚ ਰਹਿਣ ਬਸੇਰਾ ਬਣਾਇਆ। ਫ਼ਨਕਾਰਾਂ ਅਤੇ ਹੋਰ ਕਲਾਕਾਰਾਂ ਦੇ ਇੱਥੇ ਵੱਸਣ ਦਾ ਇੱਕ ਹੋਰ ਵੀ ਕਾਰਨ ਇੱਥੇ ਨਵੇਂ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਹੋਣਾ ਵੀ ਸੀ। ਸਾਲ 1937 ਵਿੱਚ ਇੱਥੇ ‘ਆਲ ਇੰਡੀਆ ਰੇਡੀਓ’ ਦਾ ‘ਲਾਹੌਰ ਸਟੇਸ਼ਨ’ ਸ਼ੁਰੂ ਹੋਇਆ। ਇਸ ਰੇਡੀਓ ਸਟੇਸ਼ਨ ਤੇ ਲਾਹੌਰ ਦੇ ਕਲਾਕਾਰਾਂ ਤੋਂ ਇਲਾਵਾ ਦੂਰ ਦਰਾਜ਼ ਤੋਂ ਵੀ ਕਈ ਗਾਇਕ, ਰਾਗੀ, ਕੀਰਤਨੀਏ ਅਤੇ ਹੋਰ ਸੰਗੀਤ ਘਰਾਣਿਆਂ ਦੀਆਂ ਨਾਮਵਰ ਸ਼ਖ਼ਸੀਅਤਾਂ ਆਪਣੇ ਪ੍ਰੋਗਰਾਮ ਪੇਸ਼ ਕਰਦੀਆਂ ਸਨ।

(ਪੁਰਾਣਾ ਅਨਾਰਕਲੀ ਬਜ਼ਾਰ,ਲਾਹੌਰ)

ਲਾਹੌਰ ਦੇ ‘ਅਨਾਰਕਲੀ ਬਜ਼ਾਰ’ ਵਿੱਚ ਹੀ ‘ਪੰਜਾਬ ਨੈਸ਼ਨਲ ਬੈਂਕ(1894)’ ਦੀ ਸ਼ੁਰੂਆਤ ਇਸਦੇ ਪਹਿਲੇ ਦਫ਼ਤਰ ਦੇ ਖੁੱਲ੍ਹਣ ਨਾਲ ਹੋਈ। ਸਾਲ 1946-47 ਦੇ ਦਰਮਿਆਨ ਹੋਰ ਵੀ ਬੈਂਕਾਂ ਆਪਣੀਆਂ 97 ਬ੍ਰਾਂਚਾਂ ਨਾਲ ਇਸ ਸ਼ਹਿਰ ਵਿੱਚ ਚੱਲਦੀਆਂ ਸਨ ਅਤੇ 80 ਬੀਮਾ ਕੰਪਨੀਆਂ ਵੀ ਇੱਥੇ ਮੌਜੂਦ ਸਨ। ਪੰਜਾਬ ਦੀ ਰਾਜਧਾਨੀ ਹੋਣ ਕਰਕੇ ਉੱਤਰੀ ਭਾਰਤ ਦੇ ਵੱਡੇ ਸਿਆਸੀ ਅਤੇ ਮਾਲੀ ਕੇਂਦਰ ਵਜੋਂ ਵੀ ਇਸਦੀ ਵੱਖਰੀ ਪਹਿਚਾਣ ਸੀ। ਇੱਥੋਂ ਦੇ ਤਹਿਜ਼ੀਬ ਯਾਫਤਾ ਸ਼ਹਿਰੀ ਲੋਕ ਸਿੱਖਿਆ, ਕਲਾ ਅਤੇ ਫ਼ੈਸ਼ਨ ਦੇ ਇਸ ਕੇਂਦਰ ਵਿੱਚ ਰਹਿੰਦੇ ਹੋਣ ਕਰਕੇ ਵਿਕਸਿਤ, ਅਮੀਰ ਅਤੇ ਸੁਧਰੇ ਹੋਏ ਸ਼ਹਿਰੀ ਸੱਭਿਆਚਾਰ ਦੇ ਮਾਲਕ ਵੀ ਸਨ। ਯੂਰਪੀਅਨਾਂ ਵੱਲੋਂ ਲਾਹੌਰ ਨੂੰ ਇੱਕ ਨਵਾਂ ਨਾਮ ‘ਪੂਰਬ ਦਾ ਪੈਰਿਸ’ ਵੀ ਮਿਲਿਆ। ਪੰਜਾਬੀ ਵਿੱਚ ਇਹ ਅਖਾਣ ਹੁਣ ਵੀ ਪ੍ਰਚੱਲਿਤ ਹੈ ਕਿ, ‘ਜੀਹਨੇ ਲਾਹੌਰ ਨਈ ਵੇਖਿਆ, ਉਹ ਜੰਮਿਆਂ ਈ ਨਹੀਂ’।ਇਸ ਤਰ੍ਹਾਂ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦਾ ਦਿਲ ਸ਼ਹਿਰ ‘ਲਾਹੌਰ’, ਪੰਜਾਬੀ ਬੋਲੀ ਅਤੇ ਸੱਭਿਆਚਾਰ ਦਾ ਕੇਂਦਰ ਬਣਿਆਂ।

ਵੰਡ ਹੋਣ ਤੋਂ ਇੱਕ ਸਾਲ ਪਹਿਲਾਂ ਤੱਕ ਭਾਂਵੇ ਅੰਮ੍ਰਿਤਸਰ ਨੇ ਲਾਹੌਰ ਜਿੰਨਾਂ ਵਾਧਾ ਨਹੀਂ ਕੀਤਾ, ਪਰ ਫਿਰ ਵੀ ਇਸਦੀ ਆਪਣੀ ਵੱਖਰੀ ਪਹਿਚਾਣ ਸੀ ਜੋ ਉਸ ਸਮੇਂ ਲਾਹੌਰ ਤੋਂ ਬਾਅਦ ਪੰਜਾਬ ਦਾ ਦੂਜਾ ਵੱਡਾ ਸ਼ਹਿਰ ਸੀ। ਇਹ ਪੰਜਾਬ ਦੀ ਉਦਯੋਗਿਕ ਅਤੇ ਵਪਾਰਕ ਰਾਜਧਾਨੀ ਸੀ। ਚੌਥੇ ਸਿੱਖ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਏ ਗਏ ਇਸ ਸ਼ਹਿਰ ਦੀ ਪਹਿਲੀ ਪਹਿਚਾਣ ‘ਗੁਰੂ ਕੀ ਨਗਰੀ’ ਵਜੋਂ ਹੈ। ਸਿੱਖ ਜਗਤ ਦਾ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਇਸ ਸ਼ਹਿਰ ਵਿੱਚ ਹੀ ਸ਼ੁਸ਼ੋਭਿਤ ਹੈ। ਗੁਰੂ ਸਾਹਿਬ ਜੀ ਨੇ ਜਦੋਂ ਇਹ ਪਵਿੱਤਰ ਸ਼ਹਿਰ ਵਸਾਇਆ ਸੀ ਤਾਂ ਵੱਖ ਵੱਖ ਕਿੱਤਿਆਂ ਨਾਲ ਜੁੜੇ ਕਾਰੀਗਰ ਅਤੇ ਵਪਾਰੀ ਵੀ ਇੱਥੇ ਵੱਡੀ ਗਿਣਤੀ ਵਿੱਚ ਵਸਾਏ ਗਏ ਸਨ। ਚੌਥੇ ਅਤੇ ਪੰਜਵੇਂ ਗੁਰੂ ਸਾਹਿਬ (ਸ੍ਰੀ ਗੁਰੂ ਅਰਜੁਨ ਦੇਵ ਜੀ) ਦੇ ਸਮੇਂ ‘ਗੁਰੂ ਬਜ਼ਾਰ’ ਵਰਗਾ ਵਪਾਰਕ ਕੇਂਦਰ ਇੱਥੇ ਹੋਂਦ ਵਿੱਚ ਆਇਆ ਅਤੇ ਇਹ ਮੰਨਿਆਂ ਜਾਂਦਾ ਹੈ ਕਿ ਇਸ ਬਜ਼ਾਰ ਤੋਂ ਹੀ ਇਸ ਸ਼ਹਿਰ ਦੇ ਵਪਾਰਕ ਕੇਂਦਰ ਬਣਨ ਦੀ ਸ਼ੁਰੂਆਤ ਹੋਈ। ਸਿੱਖ ਮਿਸਲਾਂ ਦੇ ਸਮੇਂ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨਾਲ ਬਰਬਾਦ ਹੋਇਆ ਇਹ ਸ਼ਹਿਰ ਇੱਕ ਵਾਰ ਫਿਰ ਤੋਂ ਵੱਸਣਾ ਸ਼ੁਰੂ ਹੋਇਆ। ਸ੍ਰੀ ਦਰਬਾਰ ਸਾਹਿਬ ਦੀ ਮੁੜ ਉਸਾਰੀ ਦੀ ਸੇਵਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਦੇਖ-ਰੇਖ ਵਿੱਚ ਹੋਈ ਅਤੇ ਇਸ ਦੇ ਦੁਆਲੇ ਅਲੱਗ ਅਲੱਗ ਮਿਸਲਾਂ ਤੇ ਉਨ੍ਹਾਂ ਦੇ ਸਰਦਾਰਾਂ ਅਤੇ ਹੋਰਨਾਂ ਸਰਦਾਰਾਂ ਵੱਲੋਂ ਬੁੰਗਿਆਂ ਅਤੇ ਕੱਟੜਿਆਂ ਦਾ ਨਿਰਮਾਣ ਹੋਇਆ। ਈਸਵੀ ਸਾਲ 1805 ਵਿੱਚ ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਹੋਇਆ ਤਾਂ ਉਨ੍ਹਾਂ ਨੇ ਇੱਥੇ ਹੋਰ ਨਵੇਂ ਕਟੜਿਆਂ ਦਾ ਨਿਰਮਾਣ ਕਰਵਾਇਆ। ਹਰੇਕ ਕਟੜੇ ਦਾ ਆਪਣਾ ਬਜ਼ਾਰ ਅਤੇ ਮੰਡੀ ਹੁੰਦੀ ਸੀ। ਇਸੇ ਸਮੇਂ ਦੌਰਾਨ ਉਨ੍ਹਾਂ ਦੇ ਅਧੀਨ ਇਲਾਕੇ ਅਤੇ ਇਸਦੇ ਬਾਹਰੋਂ ਵੀ ਅਮੀਰ ਵਪਾਰੀਆਂ ਅਤੇ ਕਾਰੋਬਾਰੀਆਂ ਨੇ ਅੰਮ੍ਰਿਤਸਰ ਦਾ ਰੁੱਖ ਕੀਤਾ।

ਪੁਰਾਣਾ ਅੰਦਰੂਨ ਅੰਮ੍ਰਿਤਸਰ ਸ਼ਹਿਰ(ਵਿਚਕਾਰ ਸ੍ਰੀ ਦਰਬਾਰ ਸਾਹਿਬ)

1830 ਈਸਵੀ ਦੇ ਸਮੇਂ ਦੌਰਾਨ ਕਸ਼ਮੀਰ ਵਿੱਚ ਭਿਆਨਕ ਸੋਕੇ ਦੀ ਵਜ੍ਹਾ ਨਾਲ ਪਏ ਕਾਲ ਕਾਰਨ ਰੋਜ਼ਗਾਰ ਦੀ ਭਾਲ ਵਿੱਚ ਕਈ ਮੁਸਲਮਾਨ ਕਸ਼ਮੀਰੀ ਕਾਮਿਆਂ ਨੇ ਅੰਮ੍ਰਿਤਸਰ ਦਾ ਰੁੱਖ ਕੀਤਾ। ਜੋ ਵਿੱਚ ਬਾਅਦ ਇੱਥੇ ਪੱਕੇ ਤੌਰ ਵੱਸ ਗਏ ਤੇ ਪੰਜਾਬ ਦੀ ਵੰਡ ਹੋਣ ਤੱਕ ਇੱਥੇ ਹੀ ਰਹੇ। ਸ਼ਹਿਰ ਦੀ ਕੰਧ ਦੇ ਨਾਲ ਨਾਲ ਤੇ ਕਟੜਾ ਕਰਮ ਸਿੰਘ, ਕਟੜਾ ਗਰਭਾ ਸਿੰਘ, ਕਟੜਾ ਖ਼ਜ਼ਾਨਾ, ਕਟੜਾ ਹਕੀਮਾਂ, ਕੂਚਾ ਕਾਜ਼ੀਆਂ, ਕੂਚਾ ਰਾਗੀਆਂ, ਕੂਚਾ ਰਬਾਬੀਆਂ ਅਤੇ ਸ਼ੇਖਾਂ ਬਜ਼ਾਰ ਵਿੱਚ ਵੱਸ ਗਏ। ਇਨ੍ਹਾਂ ਦੇ ਇੱਥੇ ਵੱਸਣ ਨਾਲ ‘ਸ਼ਾਲ ਉਦਯੋਗ’ ਵੱਡੇ ਪੱਧਰ ਤੇ ਸ਼ੁਰੂ ਹੋਇਆ ਅਤੇ 1947 ਈਸਵੀ ਤੱਕ ਇੱਥੇ ਸ਼ਾਲ ਬਣਾਉਣ ਤੇ ਉਨ੍ਹਾਂ ਦੇ ਵਪਾਰ ਵਾਲੀਆਂ ਲਗਪਗ ਦੋ ਹਜ਼ਾਰ ਦੁਕਾਨਾਂ ਕਾਇਮ ਹੋ ਚੁੱਕੀਆਂ ਸਨ। ਇੱਥੋਂ ਬਹੁਤ ਹੀ ਸੁੰਦਰ ਅਤੇ ਭਾਰੀ ਪਸ਼ਮੀਨੇ ਦੀਆਂ ਸ਼ਾਲਾਂ ਵਿਦੇਸ਼ਾਂ ਵਿੱਚ ਵਿਕਣ ਲਈ ਜਾਂਦੀਆਂ ਸਨ। ਅੰਮ੍ਰਿਤਸਰ ਸ਼ਹਿਰ ਵਿੱਚ ਉਸ ਸਮੇਂ ਕਈ ਮਸ਼ਹੂਰ ਹਿੰਦੂ ਖੱਤਰੀ, ਅਰੋੜੇ, ਬਾਣੀਏ, ਕਸ਼ਮੀਰੀ ਅਤੇ ਅਫ਼ਗ਼ਾਨ ਵਪਾਰੀ ਵੀ ਬਹੁਤ ਪ੍ਰਸਿੱਧ ਹੋਏ ਸਨ। ਕਈਆਂ ਦੇ ਨਾਵਾਂ ਨਾਲ ਬੜੇ ਮਸ਼ਹੂਰ ਕਟੜੇ ਤੇ ਹਵੇਲੀਆਂ ਇੱਥੇ ਬਣੀਆਂ। ਇਸੇ ਸਮੇਂ ਵਿੱਚ ਹੀ ਲੱਕੜ ਅਤੇ ਪੱਥਰ ਉੱਪਰ ਖੁਦਾਈ ਵਾਲੇ, ਹਾਥੀ ਦੰਦ ਤੋਂ ਚੀਜ਼ਾਂ ਬਣਾਉਣ ਅਤੇ ਧਾਤਾਂ ਦੇ ਕੰਮ ਵਾਲੇ ਬਹੁਤ ਕਾਰੀਗਰ ਇੱਥੇ ਮੌਜੂਦ ਸਨ। ਭਾਰਤ ਦੇ ਹੋਰਨਾਂ ਹਿੱਸਿਆਂ ਤੋਂ ਮੱਧ ਏਸ਼ੀਆ ਤੱਕ ਰੇਸ਼ਮ ਦੇ ਕੱਪੜੇ ਅਤੇ ਮੇਵਿਆਂ ਦਾ ਵਪਾਰ ਅੰਮ੍ਰਿਤਸਰ ਜ਼ਰੀਏ ਹੋਣ ਲੱਗਾ। 1830 ਈਸਵੀ ਦੇ ਦਰਮਿਆਨ ਇੱਕ ਫਰਾਂਸੀਸੀ ਯਾਤਰੀ ਜੈਕੋਏਮੌਂ ਅੰਮ੍ਰਿਤਸਰ ਆਇਆ, ਉਸਦੇ ਅੰਦਾਜ਼ੇ ਮੁਤਾਬਕ ਇਸ ਸਮੇਂ ਸ਼ਹਿਰ ਦੀ ਅਬਾਦੀ ਇੱਕ ਲੱਖ ਤੋਂ ਵੀ ਜ਼ਿਆਦਾ ਸੀ। ਦੀਵਾਲੀ, ਮੱਸਿਆ ਅਤੇ ਸੰਗ੍ਰਾਂਦ ਵਰਗੇ ਮੌਕਿਆਂ ਤੇ ਜਿੱਥੇ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਸਨ ਉੱਥੇ ਹੀ ਵਪਾਰੀ ਵੀ ਵੱਡੀ ਗਿਣਤੀ ਵਿੱਚ ਪਹੁੰਚਦੇ ਸਨ। ਅੰਮ੍ਰਿਤਸਰ ਬਾਰੇ ਇੱਕ ਟਰੈਕਟ ਵਿੱਚ ਹਊਗਲ ਨਾਮ ਦੇ ਕਿਸੇ ਯੂਰਪੀਅਨ ਦਾ ਜ਼ਿਕਰ ਵੀ ਮਿਲਦਾ ਹੈ ਜਿਸਦੇ ਕਥਨ ਅਨੁਸਾਰ ਪੂਰੇ ਉੱਤਰੀ ਭਾਰਤ ਵਿੱਚ ਜੇ ਕੋਈ ਅਮੀਰ ਸ਼ਹਿਰ ਸੀ ਤਾਂ ਉਹ ਸ੍ਰੀ ਅੰਮ੍ਰਿਤਸਰ ਸੀ। ਇਤਿਹਾਸਕਾਰ ਗਣੇਸ਼ ਦਾਸ ਅਨੁਸਾਰ ਅੰਮ੍ਰਿਤਸਰ ਤੋਂ ਵੱਡਾ ਕੋਈ ਹੋਰ ਸ਼ਹਿਰ ਸਾਰੇ ‘ਸਿੱਖ ਰਾਜ’ ਵਾਲੇ ਪੰਜਾਬ ਵਿੱਚ ਨਹੀਂ ਸੀ।

ਅੰਗਰੇਜ਼ਾਂ ਨੇ ਜਦੋਂ ਪੰਜਾਬ ਉੱਪਰ ਕਬਜ਼ੇ ਤੋਂ ਬਾਅਦ ‘ਲਾਹੌਰ’ ਨੂੰ ਵਿਕਸਿਤ ਕਰਨਾ ਸ਼ੁਰੂ ਕੀਤਾ ਤਾਂ ਕਈ ਅਮੀਰ ਕਾਰੋਬਾਰੀਆਂ, ਵਪਾਰੀਆਂ ਅਤੇ ਹੋਰ ਅਮੀਰਾਂ ਨੇ ਇੱਥੇ ਵੱਸਣ ਨੂੰ ਤਰਜੀਹ ਦਿੱਤੀ। ਅੰਮ੍ਰਿਤਸਰ ਦੇ ਵੀ ਕਈ ਸ਼ਹਿਰੀ ਲਾਹੌਰ ਵਿੱਚ ਵੱਸ ਗਏ। ਪਰ ਉਨ੍ਹਾਂ ਦੇ ਛੋਟੇ ਵੱਡੇ ਵਪਾਰ ਅਤੇ ਕਾਰਖ਼ਾਨੇ ਅੰਮ੍ਰਿਤਸਰ ਵਿੱਚ ਹੀ ਚਲਦੇ ਰਹੇ। ਇੰਨ੍ਹਾਂ ਵਿੱਚ ਕੰਮ ਕਰਨ ਵਾਲੇ ਕਾਰੀਗਰ ਜੋ ਕਿ ਜਿਆਦਾਤਰ ਮੁਸਲਮਾਨ ਸਨ, ‘ਅੰਮ੍ਰਿਤਸਰ’ ਵਿੱਚ ਹੀ ਟਿਕੇ ਰਹੇ। ਇਸ ਲਈ ਵਪਾਰਕ ਪੱਖੋਂ ‘ਅੰਮ੍ਰਿਤਸਰ’ ਮੁੱਖ ਆਕਰਸ਼ਣ ਕੇਂਦਰ ਹੀ ਰਿਹਾ। ਅੰਗਰੇਜ਼ਾਂ ਨੇ ਸਾਲ 1862 ਵਿੱਚ ਰੇਲ ਰਸਤੇ ਰਾਹੀਂ ਇਸਨੂੰ ਲਾਹੌਰ ਅਤੇ ਸਾਲ 1870 ਵਿੱਚ ਦਿੱਲੀ ਨਾਲ ਜੋੜਿਆ ਤਾਂ ਇਸਦੀ ਸਨਅਤ ਅਤੇ ਤਜਾਰਤ ਨੂੰ ਹੋਰ ਵੱਧਣ ਫੁੱਲਣ ਦਾ ਮੌਕਾ ਮਿਲਿਆ। ਅੰਗਰੇਜ਼ਾਂ ਨੇ 1852 ਈਸਵੀ ਵਿੱਚ ਪਹਿਲਾ ਮਿਸ਼ਨਰੀ ਸਕੂਲ ਬਜ਼ਾਰ ਕਸੇਰੀਆਂ ਵਿੱਚ ਖੋਲ੍ਹਿਆ ਅਤੇ ਸੇਂਟ ਪਾਉਲ ਚਰਚ (1853) ਦਾ ਨਿਰਮਾਣ ਕਰਵਾਇਆ। ਅੰਮ੍ਰਿਤਸਰ ਨੂੰ ਟਾਊਨ ਹਾਲ (1862, ਹੁਣ ਪਾਰਟੀਸ਼ਨ ਮਿਊਜ਼ੀਅਮ), ਹਾਲ ਬਜ਼ਾਰ (1875), ਸਰਕਟ ਹਾਊਸ (1863), ਡੀ. ਸੀ. ਦਫ਼ਤਰ (1876), ਲੜਕੀਆਂ ਦੀ ਸਿੱਖਿਆ ਲਈ ਐਲੇਗਜ਼ੈਂਡਰ ਸਕੂਲ (1878), ਗੌਰਮਿੰਟ ਮੈਡੀਕਲ ਕਾਲਜ (1920), ਵਿਕਟੋਰੀਆ ਜੁਬਲੀ ਹਸਪਤਾਲ (1891) ਦੀਆਂ ਸ਼ਾਨਦਾਰ ਇਮਾਰਤਾਂ ਅੰਗਰੇਜ਼ਾਂ ਦੀ ਹੀ ਦੇਣ ਹਨ। ਬ੍ਰਿਟਿਸ਼ ਰਾਜ ਦੌਰਾਨ ਹੀ ਕੁਝ ਸਿੱਖ ਵਿਦਵਾਨਾਂ ਨੇ ਸਿੱਖਾਂ ਅਤੇ ਪੰਜਾਬੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਸੋਚਿਆ।

(ਖ਼ਾਲਸਾ ਕਾਲਜ, ਅੰਮ੍ਰਿਤਸਰ – ਫ਼ਾਈਲ ਫ਼ੋਟੋ)

ਸਿੱਖ ਰਿਆਸਤਾਂ ਦੇ ਰਾਜਿਆਂ, ਅਮੀਰ ਸਿੱਖ ਪਰਿਵਾਰਾਂ ਅਤੇ ਹੋਰ ਸਿੱਖਾਂ ਦੀ ਮਦਦ ਨਾਲ 1892 ਈਸਵੀ ਵਿੱਚ ‘ਖਾਲਸਾ ਕਾਲਜ’ ਦੀ ਸ਼ੁਰੂਆਤ ਹੋਈ। ਇਸਦੀ ਸ਼ਾਨਦਾਰ ਇਮਾਰਤ ਦਾ ਡਿਜ਼ਾਇਨ ਭਾਈ ਰਾਮ ਸਿੰਘ ਵੱਲੋਂ ਬਣਾਇਆ ਗਿਆ ਸੀ। 1881-1921 ਦੇ ਸਾਲਾਂ ਦਰਮਿਆਨ ਸ਼ਹਿਰ ਦੀ ਅਬਾਦੀ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੋਇਆ, ਕੁਝ ਇਤਿਹਾਸਕਾਰਾਂ ਦੇ ਮੁਤਾਬਕ ਇਸਦਾ ਕਾਰਨ ਇਨ੍ਹਾਂ ਸਾਲਾਂ ਦੌਰਾਨ ਫੈਲਣ ਵਾਲੀਆਂ ਮਹਾਂਮਾਰੀਆਂ ਸਨ। ਪਰ 1921-1941 ਦੌਰਾਨ ਸ਼ਹਿਰ ਦੀ ਅਬਾਦੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਲਾਹੌਰ ਅਤੇ ਅੰਮ੍ਰਿਤਸਰ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਦੇ ਦੋਨਾਂ ਸ਼ਹਿਰਾਂ ਵਿੱਚ ਹੀ ਕਾਰੋਬਾਰ ਅਤੇ ਵਪਾਰ ਹਰ ਛੋਟੇ ਵੱਡੇ ਪੱਧਰ ਤੇ ਚੱਲਦੇ ਸਨ। ਕਿਉਕਿ ਦੋਨਾਂ ਸ਼ਹਿਰਾਂ ਵਿਚਕਾਰ ਕੋਈ ਖ਼ਾਸ ਦੂਰੀ ਨਹੀਂ ਸੀ, ਇਸ ਲਈ ਆਮ ਲੋਕਾਂ ਦਾ ਵੀ ਇਨ੍ਹਾਂ ਦੋਨਾਂ ਸ਼ਹਿਰਾਂ ਵਿਚਕਾਰ ਆਮ ਆਉਣ ਜਾਣ ਸੀ। ਰੋਜ਼ਾਨਾ ਹਰ ਘੰਟੇ ਬਾਅਦ ਦੋਨਾਂ ਸ਼ਹਿਰਾਂ ਵਿਚਕਾਰ ਰੇਲਗੱਡੀ ਤੋਂ ਇਲਾਵਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਬੱਸਾਂ ਦੀ ਵੀ ਚੰਗੀ ਸਹੂਲਤ ਹੁੰਦੀ ਸੀ। ਅੰਮ੍ਰਿਤਸਰੀਆਂ ਅਤੇ ਲਾਹੌਰੀਆਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਬਹੁਤ ਹੁੰਦੀਆਂ ਸਨ। ਦੋਨਾਂ ਸ਼ਹਿਰਾਂ ਦੀ ਇੱਕੋ ਜਿਹੀ ਪੰਜਾਬੀ ਬੋਲੀ ਅਤੇ ਸੱਭਿਆਚਾਰ ਸੀ। ਦੋਨਾਂ ਸ਼ਹਿਰਾਂ ਦੇ ਰੰਗ ਢੰਗ ਇੱਕੋ ਜਿਹੇ ਸਨ। ਉਸ ਜ਼ਮਾਨੇ ਦੇ ਜਿੰਨ੍ਹਾਂ ਲੋਕਾਂ ਨੇ ਇਹ ਦੋਵੇਂ ਸ਼ਹਿਰ ਵੇਖੇ ਸਨ, ਉਨ੍ਹਾਂ ਦੇ ਮੁਤਾਬਕ ਦੋਵੇਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਪਹੁੰਚਣ ਤੇ ਇਹ ਮਹਿਸੂਸ ਨਹੀਂ ਸੀ ਹੁੰਦਾ ਕਿ ਤੁਸੀਂ ਦੂਜੇ ਸ਼ਹਿਰ ਵਿੱਚ ਆ ਗਏ। ਇਸ ਲਈ ਇਨ੍ਹਾਂ ਦੋਨਾਂ ਸ਼ਹਿਰਾਂ ਨੂੰ ਜੁੜਵਾ ਸ਼ਹਿਰ ਵੀ ਕਿਹਾ ਜਾਂਦਾ ਸੀ। ਇੱਕ ਸ਼ਹਿਰ ਪੰਜਾਬ ਦਾ ਦਿਲ ਅਤੇ ਦੂਜਾ ਸ਼ਹਿਰ ਧੜਕਨ ਸੀ। ਪਰ ਅੱਗੇ ਆਉਣ ਵਾਲੇ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਪੰਜਾਬ ਦੀ ਵੰਡ ਕਾਰਨ ਦੋਵੇਂ ਸ਼ਹਿਰ ਇੱਕ ਦੂਜੇ ਕੋਲੋਂ ਵੱਖ ਹੋ ਗਏ। ਸੰਤਾਲੀ ਦੇ ਖ਼ੂਨ ਖ਼ਰਾਬੇ ਨਾਲ ਵੱਡੇ ਸ਼ਹਿਰ ਹੋਣ ਕਾਰਨ ਦੋਨਾਂ ਸ਼ਹਿਰਾਂ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। ਜਦੋਂ ਦਿੱਲੀ, ਕਰਾਚੀ ਅਤੇ ਨਵੇਂ ਅਜ਼ਾਦ ਹੋਏ ਦੋਨਾਂ ਮੁਲਕਾਂ ਦੇ ਹੋਰਨਾਂ ਹਿੱਸਿਆਂ ਵਿੱਚ ਨਵੀਂ ਮਿਲੀ ਅਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਉਦੋਂ ਸਾਰੇ ਪੰਜਾਬ ਸਮੇਤ ‘ਲਾਹੌਰ’ ਅਤੇ ‘ਅੰਮ੍ਰਿਤਸਰ’ ਲੁੱਟੇ ਅਤੇ ਸਾੜੇ ਫੂਕੇ ਜਾ ਰਹੇ ਸਨ।

ਸੰਨ 1946 ਵਿੱਚ ਹੋਈਆਂ ਸੂਬਾਈ ਚੋਣਾਂ ਦੌਰਾਨ ਪੰਜਾਬ ਵਿੱਚ ਮੁਸਲਿਮ ਲੀਗ ਦੀ ਪਕੜ ਮਜ਼ਬੂਤ ਹੋ ਗਈ ਅਤੇ ਇਸੇ ਹੀ ਸਾਲ ਬੰਗਾਲ, ਬਿਹਾਰ ਅਤੇ ਸੰਯੁਕਤ ਪ੍ਰਾਂਤਾਂ(ਯੂ. ਪੀ.) ਦੇ ਕਈ ਸ਼ਹਿਰਾਂ ਕਸਬਿਆਂ ਵਿੱਚ ਹਿੰਸਾ ਅਤੇ ਸਾੜਫੂਕ ਦੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਤੋਂ ਇਲਾਵਾ ਅਗਲੇ ਸਾਲ ਜਨਵਰੀ ਤੋਂ ਮਾਰਚ ਦੇ ਸ਼ੁਰੂ ਹੋਣ ਤੱਕ ਕੁਝ ਸਿਆਸੀ ਘਟਨਾਕ੍ਰਮ ਲਾਹੌਰ ਵਿੱਚ ਵਾਪਰੇ। ਆਉਣ ਵਾਲੇ ਸਮੇਂ ਦੌਰਾਨ ਪੰਜਾਬ ਲਈ ਇਸ ਸਾਰੇ ਘਟਨਾਕ੍ਰਮ ਦਾ ਸਿੱਟਾ ਬਹੁਤ ਭਿਆਨਕ ਨਿਕਲਿਆ। ਮਾਰਚ ਸ਼ੁਰੂ ਹੁੰਦੇ ਹੀ ਰਾਵਲਪਿੰਡੀ ਡਵੀਜ਼ਨ ਵਿੱਚ ਫ਼ਸਾਦਾਂ ਦੀ ਸ਼ੁਰੂਆਤ ਹੋ ਗਈ ਅਤੇ ਨਾਲ ਹੀ ‘ਲਾਹੌਰ’ ਤੇ ‘ਅੰਮ੍ਰਿਤਸਰ’ ਵੀ ਇਸਦੀ ਚਪੇਟ ਵਿੱਚ ਆਉਣ ਤੋਂ ਬਚ ਨਾ ਸਕੇ। ਮਾਰਚ ਤੋਂ ਜੂਨ ਤੱਕ ਪੰਜਾਬ ਦੇ ਇੰਨ੍ਹਾਂ ਦੋਨਾਂ ਵੱਡੇ ਸ਼ਹਿਰਾਂ ਵਿੱਚ ਲੁੱਟ-ਮਾਰ, ਸਾੜਫੂਕ, ਛੁਰੇਬਾਜ਼ੀ ਅਤੇ ਦੇਸੀ ਬੰਬ ਚੱਲਣ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਵਿੱਚ ਛਪਣ ਲੱਗੀਆਂ। ਦੋਵੇਂ ਸ਼ਹਿਰਾਂ ਵਿੱਚ ਕਰਫਿਊ ਲਗਾਏ ਜਾਣ ਦੇ ਬਾਵਜੂਦ ਵੀ ਸਭ ਕੁਝ ਜਾਰੀ ਰਿਹਾ। ਸ਼ੁਰੂਆਤੀ ਹਿੰਸਾ ਦੇ ਇਸ ਦੌਰ ਵਿੱਚ ਲਾਹੌਰ ਵਿੱਚ ਹਜ਼ਾਰਾਂ ਦੁਕਾਨਾਂ ਅਤੇ ਮਕਾਨ ਸਾੜ ਦਿੱਤੇ ਗਏ। ਲਾਹੌਰ ਵਿੱਚ 22 ਜੂਨ (ਐਤਵਾਰ), 1947 ਵਾਲੀ ਸਵੇਰ ਨੂੰ ਸ਼ਾਹਆਲਮੀ ਦਰਵਾਜ਼ੇ ਅਤੇ ਰਿਹਾਇਸ਼ੀ ਇਲਾਕੇ ਵਿੱਚ ਅੱਗ ਲਗਾ ਦਿੱਤੀ ਗਈ। ਸ਼ਹਿਰ ਦਾ ਇਹ ਹਿੱਸਾ ਹਿੰਦੂ ਬਹੁਗਿਣਤੀ ਕਾਰੋਬਾਰੀ ਅਤੇ ਰਿਹਾਇਸ਼ੀ ਇਲਾਕਾ ਸੀ ਜੋ ਪੂਰੀ ਤਰ੍ਹਾ ਤਬਾਹ ਹੋ ਗਿਆ ਸੀ। ਇਸ ਘਟਨਾ ਤੋਂ ਬਾਅਦ ਹਿੰਦੂ ਸਿੱਖ ਅਬਾਦੀ ਨੇ ਵੱਡੇ ਪੱਧਰ ਤੇ ਲਾਹੌਰ ਤੋਂ ਪੂਰਬੀ ਪੰਜਾਬ ਵੱਲ ਹਿਜਰਤ ਸ਼ੁਰੂ ਕਰ ਦਿੱਤੀ। ਲਾਹੌਰ ਦੀ ਲਗਪਗ ਸੱਤ ਲੱਖ ਸ਼ਹਿਰੀ ਅਬਾਦੀ ਵਿੱਚੋਂ ਤਿੰਨ ਲੱਖ ਹਿੰਦੂ ਸਿੱਖ ਅਬਾਦੀ ਸੀ। ਅਗਸਤ ਦੇ ਦੂਜੇ ਹਫ਼ਤੇ ਤੱਕ ਇਸ ਵਿੱਚੋਂ ਸਿਰਫ਼ ਦਸ ਹਜ਼ਾਰ ਹਿੰਦੂ ਸਿੱਖ ਹੀ ਸ਼ਹਿਰ ਵਿੱਚ ਰਹਿ ਗਏ ਸਨ ਤੇ ਅਖੀਰਲੇ ਹਫ਼ਤੇ ਤੱਕ ਇਹ ਗਿਣਤੀ 1000 ਹੀ ਰਹਿ ਗਈ। ਜੋ ਲਾਹੌਰ ਛੱਡ ਗਏ, ਉਹ ਇਸ ਆਸ ਵਿੱਚ ਸ਼ਹਿਰ ਛੱਡ ਗਏ ਸਨ ਕਿ ਮਾਹੌਲ ਠੀਕ ਹੋਣ ਤੋਂ ਬਾਅਦ ਉਹ ਵਾਪਸ ਆ ਜਾਣਗੇ। ਜਿਹੜੇ ਅਗਸਤ ਤੱਕ ਵੀ ਇੱਥੇ ਰਹੇ ਉਹ ਇਸ ਆਸ ਨਾਲ ਰੁਕੇ ਰਹੇ ਕਿ ‘ਲਾਹੌਰ’ ਭਾਰਤ ਨੂੰ ਦਿੱਤਾ ਜਾਵੇਗਾ। ਕਿਉਕਿ ਸ਼ਹਿਰ ਦੀ ਅਰਥ ਵਿਵਸਥਾ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਪੂਰਾ ਦਬਦਬਾ ਸੀ। ਲਾਹੌਰ ਦੀਆਂ ਸੱਤਰ ਤੋਂ ਅੱਸੀ ਫ਼ੀਸਦੀ ਦੁਕਾਨਾਂ, ਫ਼ੈਕਟਰੀਆਂ-ਕਾਰਖ਼ਾਨਿਆਂ ਅਤੇ ਹੋਰ ਕਾਰੋਬਾਰਾਂ ਦੇ ਮਾਲਕ ਹਿੰਦੂ ਸਿੱਖ ਸਨ। ਸ਼ਹਿਰ ਦੀ ਅੱਧੀ ਤੋਂ ਜਿਆਦਾ ਨਿੱਜੀ ਜਾਇਦਾਦ ਦੇ ਮਾਲਕ ਵੀ ਹਿੰਦੂ ਸਿੱਖ ਸਨ।

(ਸੰਤਾਲੀ ਦੇ ਫ਼ਸਾਦਾਂ ਵੇਲੇ ਤਬਾਹ ਹੋਇਆ ਹਾਲ ਬਜ਼ਾਰ, ਅੰਮ੍ਰਿਤਸਰ)

ਦੂਜੇ ਪਾਸੇ ਅੰਮ੍ਰਿਤਸਰ ਦੀ ਤਕਰੀਬਨ ਚਾਰ ਲੱਖ ਅਬਾਦੀ ਵਿੱਚੋਂ ਦੋ ਲੱਖ ਮੁਸਲਮਾਨ ਸਨ। ਮਾਰਚ ਦੀ ਸ਼ੁਰੂਆਤ ਤੋਂ ਅਗਸਤ ਦੇ ਅੱਧ ਤੱਕ ਸ਼ਹਿਰ ਵਿੱਚ ਹੋਈ ਕਤਲੋਗਾਰਤ ਤੇ ਸਾੜ ਫੂਕ ਕਾਰਨ ਕਟੜਾ ਜੈਮਲ ਸਿੰਘ, ਕਟੜਾ ਮਹਾਂ ਸਿੰਘ ਅਤੇ ਹਾਲ ਬਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਚੌਂਕ ਪ੍ਰਾਗਦਾਸ ਵਿੱਚ ਵੱਡੇ ਪੱਧਰ ਤੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ, ਦੁਕਾਨਾਂ ਤੇ ਘਰ ਬਾਰ ਸਾੜ ਦਿੱਤੇ ਗਏ। ਇਨ੍ਹਾਂ ਘਟਨਾਵਾਂ ਕਰਕੇ ਕਈ ਮੁਸਲਮਾਨਾਂ ਨੇ ਅੰਮ੍ਰਿਤਸਰ ਛੱਡ ਦਿੱਤਾ ਅਤੇ ਬਾਕੀ ਵੱਡੀ ਗਿਣਤੀ ਵਿੱਚ ਸ਼ਰੀਫਪੁਰਾ ਮੁਹੱਲੇ ਵਿੱਚ ਇਕੱਠੇ ਹੋਏ। ਇਹ ਇੱਥੇ ਇਸ ਆਸ ਵਿੱਚ ਅਗਸਤ ਤੱਕ ਬੈਠੇ ਰਹੇ ਕਿ ਅੰਮ੍ਰਿਤਸਰ ਪਾਕਿਸਤਾਨ ਦਾ ਹਿੱਸਾ ਬਣੇਗਾ। ਇਸ ਤਰਾਂ ਅਪ੍ਰੈਲ ਤੋਂ ਅਗਸਤ ਤੱਕ ਲਾਹੌਰ ਵਿੱਚ ਹਿੰਦੂ ਸਿੱਖ ਰਿਹਾਇਸ਼ੀ ਮੁਹੱਲੇ ਤੇ ਬਜ਼ਾਰ ਅਤੇ ਅੰਮ੍ਰਿਤਸਰ ਵਿੱਚ ਮੁਸਲਮਾਨਾਂ ਦੇ ਘਰ ਤੇ ਦੁਕਾਨਾਂ ਵੱਡੇ ਪੱਧਰ ਲੁੱਟੇ ਤੇ ਸਾੜੇ ਗਏ।

14 ਅਤੇ 15 ਅਗਸਤ, 1947 ਨੂੰ ‘ਪਾਕਿਸਤਾਨ’ ਅਤੇ ‘ਭਾਰਤ’ ਦੀ ਅਜ਼ਾਦੀ ਦਾ ਐਲਾਨ ਤਾਂ ਹੋ ਗਿਆ ਪਰ ਦੋਵਾਂ ਦੇਸ਼ਾਂ ਦੀ ਹੱਦ ਦਾ ਹਜੇ ਐਲਾਨ ਨਹੀਂ ਕੀਤਾ ਗਿਆ ਸੀ। ਲਾਹੌਰ ਤੇ ਅੰਮ੍ਰਿਤਸਰ ਸ਼ਹਿਰਾਂ ਵਿੱਚ ਦੋਵਾਂ ਦੇਸ਼ਾਂ ਦੇ ਨਾਹਰਿਆਂ ਤੋਂ ਬਿਨ੍ਹਾਂ ਹੋਰ ਧਾਰਮਿਕ ਨਾਹਰੇ ਵੀ ਲੱਗਦੇ ਰਹੇ, ਕਤਲੇਆਮ, ਸਾੜ-ਫੂਕ ਅਤੇ ਹਿਜਰਤ ਜਾਰੀ ਰਹੀ। 17 ਅਗਸਤ, 1947 ਨੂੰ ਆਖਰ ਉਹ ਦਿਨ ਆਇਆ ਜਦੋਂ ਇਨ੍ਹਾਂ ਦੋਨਾਂ ਸ਼ਹਿਰਾਂ ਦੀ ਕਿਸਮਤ ਦਾ ਫੈਸਲਾ ਵੀ ਹੋ ਗਿਆ। ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਅਤੇ ਅੰਮ੍ਰਿਤਸਰ ਭਾਰਤ ਦੇ ਹਿੱਸੇ ਆਇਆ। ਲਾਹੌਰ ਵਿੱਚ ਬਾਕੀ ਬਚੇ ਹਿੰਦੂ ਸਿੱਖਾਂ ਨੇ ਲਾਹੌਰ ਅਤੇ ਮੁਸਲਮਾਨਾਂ ਨੇ ਅੰਮ੍ਰਿਤਸਰ ਛੱਡ ਦਿੱਤਾ। ‘ਲਾਹੌਰ’ ਨੇ ਆਪਣੇ ਅਮੀਰ ਤਹਿਜ਼ੀਬ ਯਾਫਤਾ ਸ਼ਹਿਰੀ ਹਿੰਦੂ-ਸਿੱਖ ਅਤੇ ਅੰਮ੍ਰਿਤਸਰ ਨੇ ਆਪਣੇ ਬਿਹਤਰੀਨ ਸ਼ਹਿਰੀ ਮੁਸਲਮਾਨ ਕਾਰੀਗਰ ਸਦਾ ਲਈ ਗਵਾ ਲਏ। ਦੋਨਾਂ ਸ਼ਹਿਰਾਂ ਵਿਚਕਾਰ ਖਿੱਚੀ ਗਈ ਲਕੀਰ ਨੇ ਦੋਵੇਂ ਸ਼ਹਿਰ ਵੱਖ ਕਰ ਦਿੱਤੇ। ਵੰਡ ਤੋਂ ਬਾਅਦ ਲਾਹੌਰ ਨੇ ਤਾਂ ਅੰਮ੍ਰਿਤਸਰ ਤੋਂ ਆਉਣ ਵਾਲੇ ਤਕਰੀਬਨ ਸਾਰੇ ਮੁਸਲਮਾਨਾਂ ਨੂੰ ਸੰਭਾਲ ਲਿਆ। ਪਰ ਅੰਮ੍ਰਿਤਸਰ ਸਾਰੇ ਲਾਹੌਰੀਆਂ ਨੂੰ ਸਾਂਭ ਨਾ ਸਕਿਆ ਕਿਉਂਕਿ ਲਾਹੌਰ ਨਾਲ਼ੋਂ ਇਹ ਛੋਟਾ ਸ਼ਹਿਰ ਸੀ ਅਤੇ ਸ਼ਰਨਾਰਥੀਆਂ ਨਾਲ ਪੂਰੀ ਤਰ੍ਹਾਂ ਭਰ ਗਿਆ ਸੀ। ਇਸ ਤਰ੍ਹਾਂ ਲਾਹੌਰ ਛੱਡਣ ਵਾਲੇ ਸ਼ਹਿਰੀ ਲਾਹੌਰੀਏ ਥੋੜ੍ਹੀ ਗਿਣਤੀ ਹੀ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵਸਾਏ ਗਏ। ਲਾਹੌਰ ਜਿਹਾ ਕੋਈ ਹੋਰ ਵੱਡਾ ਅਤੇ ਵਿਕਸਿਤ ਸ਼ਹਿਰ ਪੂਰਬੀ ਪੰਜਾਬ ਵਿੱਚ ਨਾ ਹੋਣ ਦੀ ਸੂਰਤ ਵਿੱਚ ਇਹ ਸ਼ਹਿਰੀ ਲਾਹੌਰੀਏ ਵੱਡੀ ਗਿਣਤੀ ਵਿੱਚ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਚਲੇ ਗਏ। ਜਿੱਥੇ ਬਾਅਦ ਵਿੱਚ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਅਮੀਰ ਅਤੇ ਵਿਕਸਿਤ ਸ਼ਹਿਰੀ ਲਾਹੌਰੀ ਬੋਲੀ ਅਤੇ ਸੱਭਿਆਚਾਰ ਨੂੰ ਸੰਭਾਲ ਨਾ ਸਕੀਆਂ।

ਲਾਹੌਰ ਅੱਜ ਪਾਕਿਸਤਾਨ ਦਾ ਦੂਜਾ ਵੱਡਾ ਸ਼ਹਿਰ ਹੈ ਅਤੇ ਅੰਮ੍ਰਿਤਸਰ ਹੁਣ ਦੇ ਭਾਰਤੀ ਪੰਜਾਬ ਦਾ ਦੂਜਾ ਵੱਡਾ ਸ਼ਹਿਰ ਹੈ। ਆਉਣ ਵਾਲੇ ਸਮੇਂ ਵਿੱਚ ਲਾਹੌਰ ਨੇ ਬਹੁਤ ਤਰੱਕੀ ਕੀਤੀ। ਪਰ ਅੰਮ੍ਰਿਤਸਰ ਨੇ ਪਹਿਲਾਂ ਸੰਤਾਲੀ ਦੀ ਵੰਡ ਵੇਲੇ ਉਹ ਕਾਰੀਗਰ ਗਵਾਏ ਜਿੰਨਾਂ ਦਾ ਘਾਟਾ ਕਦੇ ਪੂਰਾ ਨਾ ਹੋ ਸਕਿਆ। ਉਸਤੋਂ ਬਾਅਦ ਭਾਰਤ-ਪਾਕ ਜੰਗਾਂ ਦੌਰਾਨ ਇੱਥੋਂ ਸਨਅਤ ਅਤੇ ਕਾਰੋਬਾਰ ਨੂੰ ਫੇਰ ਤਬਾਹੀ ਦਾ ਸਾਹਮਣਾ ਕਰਨਾ ਪਿਆ। ਅੱਸੀਵਿਆਂ ਦੇ ਦੌਰ ਵਿੱਚ ਜਦੋਂ ਪੰਜਾਬ ਦੇ ਹਲਾਤ ਖ਼ਰਾਬ ਹੋਏ ਤਾਂ ਉਦੋਂ ਵੀ ਇਸ ਸ਼ਹਿਰ ਨੇ ਆਪਣੀ ਅਬਾਦੀ ਬਹੁਤ ਗਵਾ ਲਈ। ਨਤੀਜਾ ਇਹ ਹੋਇਆ ਕਿ ਸਾਲ 1991 ਵਿੱਚ ਅੰਮ੍ਰਿਤਸਰ ਦੀ ਅਬਾਦੀ ਮਿਲੀਅਨ ਤੋਂ ਵੀ ਘੱਟ ਸੀ ਜਦੋਂਕਿ ਲਾਹੌਰ ਸੱਤ ਮਿਲੀਅਨ ਦੀ ਅਬਾਦੀ ਤੱਕ ਪਹੁੰਚ ਗਿਆ।

ਅਕਸਰ ਹੀ ਜ਼ਿਹਨ ਵਿੱਚ ਕਦੇ ਕਦੇ ਇਹ ਸਵਾਲ ਉੱਠਦਾ ਹੈ ਕਿ ਜੇ ਇਹ ਦੋਵੇਂ ਸ਼ਹਿਰ ਕਦੇ ਵੱਖ ਨਾ ਹੁੰਦੇ, ਤਾਂ ਇਹ ਕਿਹੋ ਜਿਹੇ ਹੁੰਦੇ? ਸ਼ਾਇਦ ਅੱਜ ਦੋਵੇਂ ਸ਼ਹਿਰ ਬਹੁਤ ਜ਼ਿਆਦਾ ਵੱਧਕੇ ਇੱਕ ਦੂਜੇ ਨਾਲ ਮਿਲਕੇ ਸੌ ਕਿਲੋਮੀਟਰ ਤੋਂ ਵੀ ਵੱਧ ਦੇ ਦਾਇਰੇ ਵਿੱਚ ਫੈਲ ਗਏ ਹੁੰਦੇ ਅਤੇ ਭਾਰਤੀ ਉਪ-ਮਹਾਂਦੀਪ ਦੇ ਵੱਡੇ ਮਹਾਂਨਗਰਾਂ ਦੀ ਗਿਣਤੀ ਵਿੱਚ ਆਉਂਦੇ। ਦੋਵਾਂ ਸ਼ਹਿਰਾਂ ਵਿਚਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਵਸਾਇਆ ‘ਪ੍ਰੀਤ ਨਗਰ’ ਦੋਵਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਦਾ ਉਪਨਗਰ ਬਣ ਗਿਆ ਹੁੰਦਾ, ਜਿਵੇਂ ਕਿ ੳਨ੍ਹਾਂ ਨੂੰ ਇਸਦੀ ਆਸ ਸੀ। ਲਾਹੌਰ ਦੀ ਪੰਜਾਬੀ ਫ਼ਿਲਮ ਸਨਅਤ ਜੋ ਵੰਡ ਵੇਲੇ ਤਬਾਹ ਹੋ ਗਈ ਸੀ, ਸ਼ਾਇਦ ਅੱਜ ਆਪਣੇ ਸਿਖ਼ਰ ਤੇ ਹੁੰਦੀ। ਦੋਵਾਂ ਸ਼ਹਿਰਾਂ ਵਿਚਕਾਰ ਪਹਿਲਾਂ ਵਾਂਗ ਹੀ ਆਮ ਆਉਣ ਜਾਣ ਹੁੰਦਾ ਤਾਂ ਅੱਜ ਵੀ ਲਾਹੌਰੀਆਂ ਅਤੇ ਅੰਮ੍ਰਿਤਸਰੀਆਂ ਦੀਆਂ ਆਪਸ ਵਿੱਚ ਗੂੜ੍ਹੀਆਂ ਯਾਰੀਆਂ ਅਤੇ ਰਿਸ਼ਤੇਦਾਰੀਆਂ ਹੁੰਦੀਆਂ। ਵੱਡੀ ਗੱਲ ਇਹ ਕਿ ਜੇ ਦੋਵੇਂ ਸ਼ਹਿਰ ਇਕੱਠੇ ਹੁੰਦੇ ਤਾਂ ਅੱਜ ਚੰਡੀਗੜ੍ਹ ਦਾ ਕੋਈ ਵਜੂਦ ਨਾ ਹੁੰਦਾ। ਪਰ ਅਜਿਹਾ ਹੋ ਨਾ ਸਕਿਆ, ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕੀ ਭਵਿੱਖ ਵਿੱਚ ਇਨ੍ਹਾਂ ਦੋਨਾਂ ਸ਼ਹਿਰਾਂ ਦਾ ਆਪਸ ਵਿੱਚ ਕਦੇ ਮਿਲਣਾ ਮੁਮਕਿਨ ਹੈ ਜਾਂ ਨਾਮੁਮਕਿਨ ? ! ਇਸਦਾ ਜਵਾਬ ਵੀ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ।
ਲਖਵਿੰਦਰ ਜੌਹਲ ‘ਧੱਲੇਕੇ’
ਫ਼ੋਨ ਨੰਬਰ:- +91 9815959476
ਈਮੇਲ:- johallakwinder@gmail.com

Leave a Reply

Your email address will not be published. Required fields are marked*