ਵੰਡ, ਉਜਾੜਾ ‘ਤੇ ਸੱਭਿਆਚਾਰ ਦਾ ਪਤਨ – ਭਾਗ 1

‘‘ਮੇਰੀ ਪੰਜਾਬੀ ਸ਼ਰਨਾਰਥੀਆਂ ਨਾਲ ਅਥਾਹ ਹਮਦਰਦੀ ਸੀ, ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਵੰਡ ਦੇ ਫ਼ੈਸਲੇ ’ਚ ਮੇਰਾ ਵੀ ਹਿੱਸਾ ਹੈ ਤੇ ਇਹ ਮੇਰੀ ਇਖ਼ਲਾਕੀ ਜ਼ਿੰਮੇਵਾਰੀ ਹੈ ਕਿ ਜੋ ਲੋਕ ਇਸ ਵੰਡ ਦੇ ਫ਼ੈਸਲੇ ਕਰਕੇ ਉੱਜੜ ਪੁੱਜੜ ਕੇ ਪਾਕਿਸਤਾਨੋਂ ਆਏ ਹਨ, ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।’’-ਡਾ. ਮਹਿੰਦਰ ਸਿੰਘ ਰੰਧਾਵਾ (ਰਾਹਤ ਤੇ ਮੁੜ ਵਸੇਬਾ ਕਮਿਸ਼ਨਰ)

ਦੁਨੀਆਂ ਦੀਆਂ ਬਿਹਤਰੀਨ ਸੱਭਿਅਤਾਵਾਂ ਤੇ ਬੋਲੀਆਂ ਦਾ ਕੋਈ ਨਾ ਕੋਈ ਕੇਂਦਰ ਜ਼ਰੂਰ ਹੁੰਦਾ ਹੈ। ਪਰ ਜੇ ਅਗਲੀਆਂ ਪੀੜ੍ਹੀਆਂ ਉਸ ਕੇਂਦਰ ਤੋਂ ਸਦਾ ਲਈ ਦੂਰ ਜਾ ਕੇ ਵੱਸ ਜਾਣ ਤਾਂ ਉਹਨਾਂ ਦੀ ਬੋਲੀ ਤੇ ਸੱਭਿਆਚਾਰ ਦਾ ਖ਼ਾਤਮਾ ਹੋਣਾ ਤੈਅ ਹੁੰਦਾ ਹੈ ਕਿਉਂਕਿ ਉਹ ਆਪਣੀਆਂ ਜੜ੍ਹਾਂ ਤੋਂ ਦੂਰ ਜਾ ਕੇ ਵੱਸ ਜਾਂਦੇ ਨੇ। ਇਤਿਹਾਸ ਵਿੱਚ ਬਹੁਤ ਸਾਰੀਆਂ ਸੱਭਿਅਤਾਵਾਂ ਨੇ ਆਪਣੇ ਲੋਕਾਂ ਦੇ ਉਜਾੜੇ ਤੋਂ ਤੇ ਉਹਨਾਂ ਦੇ ਦੂਰ ਜਾ ਕੇ ਵੱਸਣ ਕਾਰਨ ਹੌਲੀ ਹੌਲੀ ਦਮ ਤੋੜ ਦਿੱਤਾ। ਪੰਜਾਬ, ਅਤੇ ਸਮੁੱਚੀ ਪੰਜਾਬੀਅਤ ਨੇ ਸੰਤਾਲੀ ਦੀ ਵੰਡ ਵੇਲੇ ਅਜਿਹੀ ਹੀ ਮੁਸੀਬਤ ਦਾ ਸਾਹਮਣਾ ਕੀਤਾ। ਸਾਂਝਾ ਪੰਜਾਬ ਜੋ ਸੰਤਾਲੀ ਤੋਂ ਪਹਿਲਾਂ ਗੁੜਗਾਓ ਤੋਂ ਅਟਕ ਤੱਕ ਫੈਲਿਆ ਹੋਇਆ ਸੀ ਆਪਣੇ ਅਲੱਗ ਅਲੱਗ ਹਿੱਸਿਆਂ ਵਿੱਚ ਅਲੱਗ ਅਲੱਗ ਉਪ ਬੋਲੀਆਂ ਤੇ ਸੱਭਿਆਚਾਰ ਸਾਂਭੀ ਬੈਠਾ ਸੀ। ਸੰਤਾਲੀ ਦੀ ਵੰਡ ਦੇ ਖ਼ੂਨੀ ਖ਼ੰਜਰ ਨੇ ਸਿਰਫ ਇਸ ਸਾਂਝੀ ਧਰਤੀ ਦੇ ਟੋਟੇ ਹੀ ਨਹੀਂ ਕੀਤੇ ਬਲਕਿ ਇੱਥੋਂ ਦੀ ਉਪ ਬੋਲੀਆਂ ਅਤੇ ਸੱਭਿਆਚਾਰ ਦੇ ਵੀ ਟੁਕੜੇ ਕਰ ਦਿੱਤੇ।

1947 ਦੀ ਵੰਡ ਤੋਂ ਪਹਿਲਾਂ ਦਾ ਸਾਂਝਾ ਪੰਜਾਬ

ਜੁੜਵਾ ਸ਼ਹਿਰ ‘ਲਾਹੌਰ’ ਤੇ ‘ਅੰਮ੍ਰਿਤਸਰ’

ਬਰਤਾਨੀਆ, ਆਸਟ੍ਰੇਲੀਆਂ ਦੇ ਨਿਊਜ਼ੀਲੈਡ ਦੇ ਅੰਗਰੇਜ਼ੀ ਸੱਭਿਆਚਾਰ ਦਾ ਕੇਂਦਰ ਲੰਦਨ ਨੂੰ ਮੰਨਿਆਂ ਗਿਆ ਹੈ। ਫ਼ਾਰਸੀ ਸੱਭਿਆਚਾਰ ਦਾ ਕੇਂਦਰ ਈਰਾਨ ਵਿੱਚ ਤਹਿਰੀਨ ਰਿਹਾ ਹੈ। ਭਾਰਤੀ ਤੇ ਬੰਗਲਾਦੇਸ਼ੀ ਬੰਗਲਾ ਬੋਲੀ ਤੇ ਸੱਭਿਆਚਾਰ ਦਾ ਕੇਂਦਰ ਕੱਲਕੱਤਾ ਮੰਨਿਆਂ ਜਾਂਦਾ ਹੈ। ਬੰਗਲੌਰ ਜਾ ਬੈਂਗਲੁਰੂ ਕੰਨੜ ਬੋਲੀ ਤੇ ਸੱਭਿਆਚਾਰ ਦਾ ਕੇਂਦਰ ਰਿਹਾ ਹੈ। ਲਖਨਊ ਨੂੰ ਉਰਦੂ ਦਾ ਕੇਂਦਰ ਮੰਨਿਆਂ ਗਿਆ ਹੈ ਪਰ ਹੁਣ ਉਰਦੂ ਬੋਲੀ ਤੇ ਸੱਭਿਆਚਾਰ ਦਾ ਉੱਭਰਦਾ ਕੇਂਦਰ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਤੇ ਸੂਬਾ ਸਿੰਧ ਦੀ ਰਾਜਧਾਨੀ ਕਰਾਚੀ ਹੈ ਕਿਉਂਕਿ ਵੰਡ ਤੋਂ ਬਾਅਦ ਵੱਡੀ ਗਿਣਤੀ ਵਿੱਚ ਉਰਦੂ ਬੋਲਣ ਵਾਲੇ ਇੱਥੇ ਵੱਸ ਗਏ। ਠੀਕ ਇਸੇ ਤਰ੍ਹਾਂ ਜੇ ਮੰਨਿਆਂ ਜਾਏ ਤਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਭਿਆਚਾਰ ਤੇ ਬੋਲੀ ਦਾ ਕੇਂਦਰ ‘ਲਾਹੌਰ’ ਰਿਹਾ ਹੈ।

ਸਦੀਆਂ ਤੋਂ ਪੰਜਾਬ ਦੀ ਰਾਜਧਾਨੀ ਬਣਿਆਂ ਆ ਰਿਹਾ ‘ਲਾਹੌਰ’ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਚੰਗੀ ਤਰ੍ਹਾਂ ਵੱਸਣਾ ਸ਼ੁਰੂ ਹੋ ਗਿਆ, ਇਸਤੋਂ ਪਹਿਲਾਂ ਵਿਦੇਸ਼ੀ ਹਮਲਾਵਰ ਇਸ ਸ਼ਹਿਰ ਨੂੰ ਬਰਬਾਦ ਹੀ ਕਰਦੇ ਰਹੇ। ਪਰ ਉਸਤੋਂ ਵੀ ਪਹਿਲਾਂ ਮੁਗਲ ਰਾਜ ਵਿੱਚ ਮੁਗਲ ਬਾਦਸ਼ਾਹਾਂ ਦਾ ਇਸ ਸ਼ਹਿਰ ਨਾਲ ਖ਼ਾਸ ਲਗਾਓ ਸੀ। ਖਾਲਸਾ ਰਾਜ ਦੀ ਰਾਜਧਾਨੀ ਦੇ ਦੌਰ ਵਿੱਚ ਵੱਡੇ ਵੱਡੇ ਅਮੀਰ ਵਪਾਰੀ ਤੇ ਕਾਰੋਬਾਰੀ ਲਾਹੌਰ ਤੇ ਇਸ ਦੇ ਜੁੜਵਾ ਸ਼ਹਿਰ ਅੰਮ੍ਰਿਤਸਰ ਵਿੱਚ ਆ ਕੇ ਵੱਸੇ। ਜਦੋਂ ਸੰਨ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਲਾਹੌਰ ਨੂੰ ਹੀ ਪੰਜਾਬ ਦੀ ਰਾਜਧਾਨੀ ਰਹਿਣ ਦਿੱਤਾ। ਇਸ ਦੇ ਨਾਲ ਨਾਲ ਅੰਮ੍ਰਿਤਸਰ ਸ਼ਹਿਰ ਵੀ ਇਸੇ ਦੌਰ ਵਿੱਚ ਉਦਯੋਗਿਕ ਤੌਰ ਤੇ ਵਿਕਸਿਤ ਹੋਇਆ ਸੀ। ਪੰਜਾਬ ਦੀ ਵੰਡ ਤੋਂ ਪਹਿਲਾਂ ਜਿੱਥੇ ਲਾਹੌਰ ਪੰਜਾਬ ਦਾ ਵੱਡਾ ਸ਼ਹਿਰ ਤੇ ਰਾਜਧਾਨੀ ਸੀ ਉੱਥੇ ਹੀ ਬ੍ਰਿਟਿਸ਼ ਰਾਜ ਵਿੱਚ ਇਹ ਸਿੱਖਿਆ, ਕਲਾ, ਅਦਾਕਾਰੀ, ਗੀਤ ਸੰਗੀਤ, ਮੀਡੀਆ ਤੇ ਫ਼ੈਸ਼ਨ ਦੇ ਵੀ ਵੱਡੇ ਕੇਂਦਰ ਵਜੋਂ ਵਿਕਸਿਤ ਹੋ ਚੁੱਕਾ ਸੀ। ਲਾਹੌਰ ਦੀ ਬਹੁਤੀ ਸ਼ਹਿਰੀ ਆਬਾਦੀ ਸਿੱਖਿਆ, ਕਲਾ ਤੇ ਫ਼ੈਸ਼ਨ ਦੇ ਇਸ ਕੇਂਦਰ ਤੇ ਰਾਜਧਾਨੀ ਵਿੱਚ ਰਹਿਣ ਕਰਕੇ ਉੱਤਮ ਦਰਜੇ ਦੀ ਵਿਕਸਿਤ ਸ਼ਹਿਰੀ ਲਾਹੌਰੀ ਸੱਭਿਆਚਾਰ ਦੀ ਮਾਲਕ ਬਣ ਚੁੱਕੀ ਸੀ। ਸਾਲ 1947 ਤੱਕ ਲਾਹੌਰ ਦੀ ਅਬਾਦੀ ਲਗ-ਪਗ ਸੱਤ ਲੱਖ ਦੇ ਕਰੀਬ ਸੀ ਜਿਸ ਵਿੱਚ ਤਕਰੀਬਨ ਚਾਰ ਲੱਖ ਮੁਸਲਿਮ ਆਬਾਦੀ ਤੇ ਤਿੰਨ ਲੱਖ ਅਮੀਰ ਸ਼ਹਿਰੀ ਹਿੰਦੂ ਤੇ ਸਿੱਖ ਅਬਾਦੀ ਸੀ। ਕੁਝ ਅੰਕੜਿਆਂ ਵਿੱਚ ਮੁਸਲਮਾਨਾਂ ਤੇ ਹਿੰਦੂ ਸਿੱਖਾਂ ਦੀ ਗਿਣਤੀ ਬਰਾਬਰ ਵੀ ਦੱਸੀ ਗਈ ਹੈ।

ਅੰਮ੍ਰਿਤਸਰ ਪੰਜਾਬ ਦਾ ਦੂਜਾ ਵੱਡਾ ਸ਼ਹਿਰ ਤੇ ਪੰਜਾਬ ਦੀ ਉਦਯੋਗਿਕ ਤੇ ਵਪਾਰਕ ਰਾਜਧਾਨੀ ਸੀ ਜਿਸਨੂੰ ਚੌਥੇ ਸਿੱਖ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ। ਇਸ ਸ਼ਹਿਰ ਦੀ ਲਗ-ਪਗ ਚਾਰ ਲੱਖ ਦੀ ਅਬਾਦੀ ਵਿੱਚੋਂ ਅੱਧੀ ਅਬਾਦੀ ਦੋ ਲੱਖ ਮੁਸਲਮਾਨਾਂ ਦੀ ਸੀ ਤੇ ਬਾਕੀ ਹਿੰਦੂ ਤੇ ਸਿੱਖ ਅਬਾਦੀ ਸੀ। ਸਨਅਤੀ ਸ਼ਹਿਰ ਹੋਣ ਕਰਕੇ ਇੱਥੇ ਕਾਰੀਗਰਾਂ ਦਾ ਜਿਆਦਾ ਹੋਣਾ ਸੁਭਾਵਿਕ ਹੀ ਸੀ ਤੇ ਬਹੁਗਿਣਤੀ ਅੰਮ੍ਰਿਤਸਰੀ ਮੁਸਲਮਾਨ ਉੱਤਮ ਦਰਜੇ ਦੇ ਕਾਰੀਗਰ ਸਨ। ਅੰਮ੍ਰਿਤਸਰ ਤੇ ਲਾਹੌਰ ਦਾ ਫ਼ਾਸਲਾ ਤਕਰੀਬਨ 51-52 ਕਿੱਲੋਮੀਟਰ ਦਾ ਸੀ। ਦੋਨਾਂ ਸ਼ਹਿਰਾਂ ਵਿਚਕਾਰ ਰੋਜ਼ਾਨਾ ਹਰ ਘੰਟੇ ਬਾਅਦ ਰੇਲਗੱਡੀ ਚੱਲਦੀ ਸੀ। ਰੋਜ਼ਾਨਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਬੱਸ ਸੇਵਾ ਦੀ ਸਹੂਲਤ ਵੀ ਸੀ। ਇੱਕ ਵਾਰ ਅੰਮ੍ਰਿਤਸਰ ਪਹੁੰਚਣ ਤੇ ਇੰਜ ਲੱਗਦਾ ਸੀ ਕਿ ਤੁਸੀਂ ਲਾਹੌਰ ਪਹੁੰਚ ਗਏ। ਜਿਸਦਾ ਕਾਰਨ ਇਹਨਾਂ ਦੋਨਾਂ ਸ਼ਹਿਰਾਂ ਦੀ ਬੋਲੀ ਤੇ ਰਹਿਤਲ ਦੀ ਸਾਂਝ ਸੀ। ਕਈ ਲਾਹੌਰੀਏ ਕਾਰੋਬਾਰੀਆਂ ਦੇ ਵਪਾਰ ਤੇ ਕਾਰੋਬਾਰ ਅੰਮ੍ਰਿਤਸਰ ਵਿੱਚ ਸਨ ਜਦੋਂਕਿ ਉਹਨਾਂ ਦੀ ਰਿਹਾਇਸ਼ ਲਾਹੌਰ ਦੀ ਹੁੰਦੀ ਸੀ। ਇਹਨਾਂ ਵਪਾਰੀਆਂ, ਕਾਰੋਬਾਰੀਆਂ ਦਾ ਜੇ ਨਾਸ਼ਤਾ ਲਾਹੌਰ ਵਿੱਚ ਹੁੰਦਾ ਤਾਂ ਇਹ ਦੁਪਹਿਰ ਦਾ ਖਾਣਾ ਅੰਮ੍ਰਿਤਸਰ ਖਾਂਦੇ ਤੇ ਸ਼ਾਮ ਦੀ ਚਾਹ ਵਾਪਸ ਲਾਹੌਰ ਆ ਕੇ ਪੀਂਦੇ ਸਨ। ਲਾਹੌਰੀਆਂ ਤੇ ਅੰਮ੍ਰਿਤਸਰੀਆਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਵੀ ਬਹੁਤ ਸਨ। ਕਾਰੋਬਾਰ ਦੇ ਸਿਲਸਿਲੇ ਤੇ ਹੋਰਨਾਂ ਕੰਮਾਂ ਧੰਦਿਆਂ ਲਈ ਲਾਹੌਰ ਤੇ ਅੰਮ੍ਰਿਤਸਰ ਦੇ ਲੋਕਾਂ ਦਾ ਇਹਨਾਂ ਦੋਨਾਂ ਸ਼ਹਿਰਾਂ ਵਿੱਚ ਕਾਫ਼ੀ ਆਉਣ ਜਾਣ ਹੋਣ ਕਰਕੇ, ਬੋਲੀ ਅਤੇ ਇੱਕੋ ਜਿਹਾ ਰਹਿਣ ਸਹਿਣ ਹੋਣ ਕਰਕੇ ਇਹ ਸ਼ਹਿਰ ਜੁੜਵਾ ਲੱਗਦੇ ਸਨ।

ਕੇਂਦਰੀ ਡਵੀਜ਼ਨ ਲਾਹੌਰ, ਹੋਰ ਡਵੀਜ਼ਨਾਂ ਤੇ ਉਪ ਬੋਲੀਆਂ

ਅੰਗਰੇਜ਼ਾਂ ਨੇ ਪੰਜਾਬ ਦਾ ਪ੍ਰਬੰਧ ਚਲਾਉਣ ਲਈ ਪੰਜਾਬ ਨੂੰ ਪੰਜ ਪ੍ਰਬੰਧਕੀ ਡਵੀਜ਼ਨਾਂ ਤੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡ ਦਿੱਤਾ। ਲਾਹੌਰ ਡਵੀਜ਼ਨ ਕੇਂਦਰੀ ਪੰਜਾਬ ਵਿੱਚ ਸੀ ਤੇ ਲਾਹੌਰ ਇਸ ਡਵੀਜ਼ਨ ਦਾ ਮੁੱਖ ਦਫਤਰ ਸੀ। ਇਸ ਡਵੀਜ਼ਨ ਵਿੱਚ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁੱਜਰਾਂਵਾਲ਼ਾ ਤੇ ਸ਼ੇਖ਼ੂਪੁਰਾ ਜ਼ਿਲ੍ਹੇ ਸ਼ਾਮਿਲ ਸਨ। ਗੁੱਜਰਾਂਵਾਲ਼ਾ ਮਹਾਰਾਜਾ ਰਣਜੀਤ ਸਿੰਘ ਦਾ ਜੱਦੀ ਜ਼ਿਲ੍ਹਾ ਤੇ ਸ਼ੁੱਕਰਚੱਕੀਆ ਮਿਸਲ ਦੀ ਪੁਰਾਣੀ ਰਾਜਧਾਨੀ ਸੀ। ਮਹਾਰਾਜਾ ਦਾ ਜੱਦੀ ਜ਼ਿਲ੍ਹਾ ਹੋਣ ਕਰਕੇ ਮਹਾਰਾਜਾ ਦੀ ਫੌਜ ਦੇ ਬਹੁ ਗਿਣਤੀ ਸਿੱਖ ਸੈਨਿਕ ਇੱਥੋਂ ਸੰਬੰਧਿਤ ਸਨ। ਇਸ ਇਲਾਕੇ ਵਿੱਚ ਮਹਾਰਾਜਾ ਵੱਲੋਂ ਵੱਡੀਆਂ ਜਾਗੀਰਾਂ ਉਹਨਾਂ ਨੂੰ ਵੰਡੀਆਂ ਗਈਆਂ ਤੇ ਹੋਰ ਵੀ ਵੱਡੀਆਂ ਜਾਗੀਰਾਂ ਰੱਖਣ ਦੀ ਇਜਾਜ਼ਤ ਮਹਾਰਾਜਾ ਵੱਲੋਂ ਉਹਨਾਂ ਨੂੰ ਸੀ ਤੇ ਅੰਗਰੇਜ਼ਾਂ ਨੇ ਵੀ ਇਹਨਾਂ ਨੂੰ ਇਹਨਾਂ ਦੀਆਂ ਜਾਗੀਰਾਂ ਵਿੱਚ ਹੀ ਰਹਿਣ ਦਿੱਤਾ। ਜ਼ਿਲ੍ਹਾ ਸ਼ੇਖ਼ੂਪੁਰਾ ਚਨਾਬ ਨਹਿਰੀ ਸਿਸਟਮ ਚਾਲੂ ਹੋਣ ਅਤੇ ਨਹਿਰੀ ਕਾਲੋਨੀਆਂ ਦੇ ਅਬਾਦ ਹੋਣ ਤੇ ਲਾਹੌਰ ਤੇ ਗੁੱਜਰਾਂਵਾਲ਼ਾ ਜ਼ਿਲ੍ਹਿਆਂ ਵਿੱਚੋਂ ਰਕਬਾ ਕੱਟ ਕੇ ਬਣਾਇਆ ਗਿਆ ਸੀ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਇਸੇ ਜ਼ਿਲ੍ਹੇ ਵਿੱਚ ਹੋਣ ਕਰਕੇ ਇੱਥੇ ਰਹਿਣ ਵਾਲੇ ਸਿੱਖ ਭਾਵਨਾਤਮਕ ਤੇ ਧਾਰਮਿਕ ਤੌਰ ਤੇ ਇਸ ਨਾਲ ਜੁੜੇ ਹੋਏ ਸਨ। ਰਾਵੀ ਦਰਿਆ ਭਾਵੇਂ ਸਿਆਲਕੋਟ, ਗੁੱਜਰਾਂਵਾਲ਼ਾ ਤੇ ਸ਼ੇਖ਼ੂਪੁਰਾ ਜ਼ਿਲ੍ਹਿਆ ਨੂੰ ਲਾਹੌਰ, ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਵੱਖ ਕਰਕੇ ‘ਬਾਰ’ ਜਾਂ ਰਚਨਾ ਦੁਆਬ ਵਿੱਚ ਸ਼ਾਮਲ ਕਰਦਾ ਸੀ, ਪਰ ਥੋੜ੍ਹੇ ਫਰਕ ਨਾਲ ਇਹਨਾਂ ਦੀ ਆਪਸ ਵਿੱਚ ਬੋਲੀ ਦੀ ਸਾਂਝ ਸੀ। ਅੰਗਰੇਜ਼ਾਂ ਵੱਲੋਂ ਬਣਾਏ ਪੁਲਾਂ ਤੇ ਆਵਾਜਾਈ ਦੇ ਸਾਧਨਾਂ ਕਰਕੇ ਅਤੇ ਇੱਕੋ ਪ੍ਰਬੰਧਕੀ ਡਵੀਜ਼ਨ ਵਿੱਚ ਹੋਣ ਕਰਕੇ ਇਹ ‘ਬਾਰੀ ਦੁਆਬ’ ਨਾਲ ਜੁੜ ਗਏ। ਇੱਕੋ ਡਵੀਜ਼ਨ ਵਿੱਚ ਹੋਣ ਕਰਕੇ ਤੇ ਲਾਹੌਰ ਵਰਗੇ ਵੱਡੇ ਸ਼ਹਿਰ ਦੇ ਵਿਕਸਿਤ ਸੱਭਿਆਚਾਰ ਦੇ ਪ੍ਰਭਾਵ ਕਰਕੇ ਇਸ ਸਾਰੀ ਡਵੀਜ਼ਨ ਵਿੱਚ ਪੰਜਾਬੀ ਦੀ ਕੇਂਦਰੀ ਤੇ ਮਿਆਰੀ (ਮਾਝੀ) ਉਪਬੋਲੀ ਬੋਲੀ ਜਾਂਦੀ ਸੀ। ਇਹੀ ਬੋਲੀ ਦੀ ਉਸ ਵੇਲੇ ਪੂਰੀ ਚੜ੍ਹਤ ਸੀ। ਮੀਡੀਆ ਤੇ ਸਾਹਿਤ ਦੇ ਖੇਤਰ ਵਿੱਚ ਇਹੀ ਉਪ ਬੋਲੀ ਚੱਲਦੀ ਸੀ।

ਲਾਹੌਰ ਡਵੀਜ਼ਨ ਕੇਂਦਰ ਵਿੱਚ ਸੀ ਤੇ ਦੋ ਡਵੀਜ਼ਨਾਂ ਇਸਦੇ ਪੂਰਬ ਤੇ ਦੋ ਹੀ ਪੱਛਮ ਵਿੱਚ ਸਨ। ਪੂਰਬ ਵਿੱਚ ਪਹਿਲੀ ਅੰਬਾਲਾ ਡਵੀਜ਼ਨ ਸੀ ਜਿਸ ਵਿੱਚ ਹਿਸਾਰ, ਰੋਹਤਕ, ਗੁੜਗਾਓ, ਕਰਨਾਲ, ਅੰਬਾਲਾ ਤੇ ਸ਼ਿਮਲਾ ਜ਼ਿਲ੍ਹੇ ਸਨ। ਸ਼ਿਮਲਾ ‘ਪਹਾੜੀ’ ਬੋਲੀ ਬੋਲਦਾ ਜ਼ਿਲ੍ਹਾ ਸੀ ਅਤੇ ਅੰਬਾਲਾ ਜ਼ਿਲ੍ਹਾ ‘ਪੁਆਧੀ’ ਪੰਜਾਬੀ ਬੋਲਦਾ ਜ਼ਿਲ੍ਹਾ ਸੀ ਜਦੋਂ ਕਿ ਬਾਕੀ ਜ਼ਿਲ੍ਹੇ ਹਿਸਾਰ, ਰੋਹਤਕ, ਗੁੜਗਾਓ ਤੇ ਕਰਨਾਲ (ਦਿੱਲੀ ਸਮੇਤ) ਪੰਜਾਬ ਵਿੱਚ, ਸੰਨ 1859 ਵਿੱਚ ਸ਼ਾਮਲ ਕੀਤੇ ਗਏ ਸੀ ਕਿਉਂਕਿ ਇਹਨਾਂ ਜ਼ਿਲ੍ਹਿਆ ਦੀ ਅਬਾਦੀ ਬਹੁਗਿਣਤੀ ਹਿੰਦੂ ਜਾਟਾਂ ਦੀ ਸੀ ਤੇ ਇਹਨਾਂ ਨੇ 1857 ਦੇ ਵਿਦਰੋਹ ਵਿੱਚ ਹਿੱਸਾ ਲਿਆ ਸੀ। ਸਜ਼ਾ ਦੇ ਤੌਰ ਤੇ ਜਾਟਾਂ ਦੀ ਏਕਤਾ ਤੇ ਤਾਕਤ ਨੂੰ ਵੰਡਣ ਲਈ ਅੰਗਰੇਜ਼ਾਂ ਨੇ ਇਹ ਜ਼ਿਲ੍ਹੇ ਆਗਰਾ, ਮਥੁਰਾ, ਮੇਰਠ ਤੇ ਭਰਤਪੁਰ ਦੇ ਹਿੰਦੂ ਜਾਟ ਜ਼ਿਲ੍ਹਿਆਂ ਤੋਂ ਅਲੱਗ ਕਰਕੇ ਪੰਜਾਬ ਵਿੱਚ ਮਿਲਾ ਦਿੱਤੇ ਸਨ। ਇਹਨਾਂ ਜ਼ਿਲ੍ਹਿਆਂ ਦੀਆਂ ਬੋਲੀਆਂ ਮੁੱਖ ਤੌਰ ਤੇ ‘ਬਾਗੜੀ’ ਤੇ ‘ਹਰਿਆਣਵੀ’ ਬੋਲੀਆਂ ਸਨ। ਦਿੱਲੀ ਨੂੰ 1911 ਵਿੱਚ ਬਰਤਾਨਵੀ ਭਾਰਤ ਦੀ ਰਾਜਧਾਨੀ ਬਣਾਉਣ ਵੇਲੇ ਫਿਰ ਪੰਜਾਬ ਤੋਂ ਅਲੱਗ ਕਰ ਦਿੱਤਾ। ਲਾਹੌਰ ਦੀ ਦੂਜੀ ਪੂਰਬੀ ਡਵੀਜ਼ਨ ਜਲੰਧਰ ਸੀ ਜਿਸ ਵਿੱਚ ਜਲੰਧਰ, ਹੁਸ਼ਿਆਰਪੁਰ, ਕਾਂਗੜਾ, ਲੁਧਿਆਣਾ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਸ਼ਾਮਲ ਸਨ। ਕਾਂਗੜਾ ਵਿੱਚ ‘ਪਹਾੜੀ’ ਜਾਂ ‘ਕਾਂਗੜੀ’ ਪੰਜਾਬੀ ਬੋਲੀ ਜਾਂਦੀ ਸੀ ਜੋ ਕਿ ਜੰਮੂ ਖੇਤਰ ਦੀ ‘ਡੋਗਰੀ’ ਬੋਲੀ ਨਾਲ ਮਿਲਦੀ ਜੁਲਦੀ ਹੈ। ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ‘ਦੁਆਬੀ’ ਪੰਜਾਬੀ ਬੋਲੀ ਜਾਂਦੀ ਸੀ। ਸਾਰੇ ਲੁਧਿਆਣੇ ਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਤਹਿਸੀਲਾਂ ਮੋਗਾ ਤੇ ਮੁਕਤਸਰ ਵਿੱਚ ‘ਮਲਵਈ’ ਬੋਲੀ ਜਾਂਦੀ ਸੀ ਜਦੋਂਕਿ ਫ਼ਿਰੋਜ਼ਪੁਰ ਸ਼ਹਿਰ ਅਤੇ ਇਸ ਦੀਆਂ ਫ਼ਿਰੋਜ਼ਪੁਰ ਤੇ ਜ਼ੀਰਾ ਤਹਿਸੀਲਾਂ ਵਿੱਚ ਬੋਲੀ ਤੇ ਰਹਿਣ ਸਹਿਣ ਮਾਝੇ ਵਰਗਾ ਸੀ ਤੇ ਹੁਣ ਵੀ ਹੈ, ਕਿਉਂਕਿ ਇਹ ਇਲਾਕਾ ਮਾਝੇ ਦੇ ਨਾਲ ਲੱਗਦਾ ਇਲਾਕਾ ਸੀ ਜਿਵੇਂ ਮਾਝੀ ਸੱਭਿਆਚਾਰ ਨੇ ਬਾਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਆਪਣਾ ਪ੍ਰਭਾਵ ਛੱਡਿਆ ਸੀ ਬਿਲਕੁਲ ਉਸੇ ਤਰ੍ਹਾਂ ਇਹ ਇਲਾਕਾ ਵੀ ਮਾਝੇ ਦੇ ਨਾਲ ਲੱਗਦਾ ਸੀ ਤੇ ਇੱਥੇ ਵੀ ‘ਮਾਝੀ’ ਉਪ ਬੋਲੀ ਤੇ ਸੱਭਿਆਚਾਰ ਦਾ ਪ੍ਰਭਾਵ ਪਿਆ ਸੀ।

ਲਾਹੌਰ ਡਵੀਜ਼ਨ ਦੇ ਉੱਤਰ ਪੱਛਮ ਵਿੱਚ ਰਾਵਲਪਿੰਡੀ ਡਵੀਜ਼ਨ ਸੀ ਜਿਸ ਵਿੱਚ ਰਾਵਲਪਿੰਡੀ, ਜਿਹਲਮ, ਗੁਜਰਾਤ, ਸ਼ਾਹਪੁਰ (ਸਰਗੋਧਾ), ਮੀਆਂਵਾਲੀ, ਤੇ ਕੈਂਬਲਪੁਰ (ਹੁਣ ਅਟਕ) ਜ਼ਿਲ੍ਹੇ ਸ਼ਾਮਲ ਸਨ। ਇਸ ਡਵੀਜ਼ਨ ਵਿੱਚ ਪੰਜਾਬੀ ਦੀ ਬੜੀ ਹੀ ਪਿਆਰੀ ਉਪ ਬੋਲੀ ‘ਪੋਠੋਹਾਰੀ’ ਬੋਲੀ ਜਾਂਦੀ ਸੀ ਅਤੇ ਇਸ ਇਲਾਕੇ ਨੂੰ ‘ਪੋਠੋਹਾਰ’ ਦਾ ਇਲਾਕਾ ਵੀ ਕਹਿੰਦੇ ਨੇ। ਉੱਤਰ ਪੱਛਮੀ ਫਰੰਟ ਵਿੱਚ ਰਹਿੰਦੇ ਪੰਜਾਬੀ ਤੇ ਨਾਲ ਲੱਗਦੇ ਇਸ ਡਵੀਜ਼ਨ ਦੇ ਇਲਾਕਿਆਂ ਵਿੱਚ ‘ਹਿੰਦਕੋ’ ਉਪ ਬੋਲੀ, ਬੋਲੀ ਜਾਂਦੀ ਸੀ ਜੋ ‘ਪਸ਼ਤੋ’ ਦੇ ਥੋੜ੍ਹੇ ਜਿਹੇ ਪ੍ਰਭਾਵ ਨਾਲ ਪੋਠੋਹਾਰੀ ਵਰਗੀ ਹੀ ਸੀ। ਇਸ ਤੋਂ ਇਲਾਵਾ ‘ਸ਼ਾਹਪੁਰੀ’ (ਸ਼ਾਹਪੁਰ-ਸਰਗੋਧਾ, ਮੀਆਂਵਾਲੀ, ਚਨਿਓਟ ਤੇ ਮੰਡੀ ਬਹਾਉਦੀਨ ਦੇ ਕੁਝ ਇਲਾਕੇ ਵਿੱਚ), ‘ਧਾਨੀ'(ਰਾਵਲਪਿੰਡੀ ਦੀ ਧਾਨ ਘਾਟੀ, ਚਕਵਾਲ ਤੇ ਜਿਹਲਮ ਵਿੱਚ), ‘ਜੰਡਾਲੀ’ (ਹਿੰਦਕੋ ਵਰਗੀ ਚਕਵਾਲ ਦੇ ਤਲਕੰਗ ਇਲਾਕੇ ਵਿੱਚ), ‘ਛਾਛੀ’ (ਦਰਿਆ ਸਿੰਧ ਦੇ ਕੰਢੇ ਛੱਛ ਇਲਾਕੇ ਤੇ ਅਟਕ ਵਿੱਚ) ਅਤੇ ‘ਘੇਬੀ’ (ਜਿਹਲਮ ਦੇ ਨਾਲ ਨਾਲ ਪਿੰਡੀ ਗਹੀਬ ਅਤੇ ਫ਼ਤਿਹਜੰਗ ਤਹਿਸੀਲਾਂ ਵਿੱਚ ਰਹਿੰਦੇ ‘ਘੈਬਾ’ ਕਬੀਲੇ ਦੀ ਜ਼ੁਬਾਨ) ਉਪ ਬੋਲੀਆਂ ਇਸ ਡਵੀਜ਼ਨ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਸਨ ਜੋ ਕਿ ਸਾਰੀਆਂ ਥੋੜ੍ਹੇ ਥੋੜ੍ਹੇ ਫਰਕ ਨਾਲ ‘ਪੋਠੋਹਾਰੀ’ ਵਰਗੀਆਂ ਹੀ ਸਨ।

ਲਾਹੌਰ ਡਵੀਜ਼ਨ ਦੀ ਦੂਜੀ ਪੱਛਮੀ ਡਵੀਜ਼ਨ ਮੁਲਤਾਨ ਸੀ ਜਿਸ ਵਿੱਚ ਮੁਲਤਾਨ, ਝੰਗ, ਮੁਜ਼ੱਫਰਗੜ੍ਹ, ਡੇਰਾ ਗ਼ਾਜ਼ੀ ਖ਼ਾਨ, ਲਾਇਲਪੁਰ (ਹੁਣ ਫੈਸਲਾਬਾਦ) ਤੇ ਮਿੰਟਗੁੰਮਰੀ (ਹੁਣ ਸਾਹੀਵਾਲ) ਜ਼ਿਲ੍ਹੇ ਪੈਂਦੇ ਸਨ। ਇਸ ਡਵੀਜ਼ਨ ਦੀ ਮੁੱਖ ਉਪ ਬੋਲੀ ‘ਮੁਲਤਾਨੀ’ ਸੀ। ਜ਼ਿਲ੍ਹਾ ਝੰਗ ਦੇ ਖੇਤਰ ਵਿੱਚ ਮੁਲਤਾਨੀ ਨਾਲ ਮਿਲਦੀ ਜੁਲਦੀ ਪਰ ਥੋੜ੍ਹੇ ਫਰਕ ਨਾਲ ‘ਝੰਗਵੀ’ ਉਪ ਬੋਲੀ ਬੋਲੀ ਜਾਂਦੀ ਸੀ, ਜਿਸਨੂੰ ‘ਝੰਗੋਚੀ’ ਜਾਂ ‘ਰਚਨਾਵਲੀ’ ਵੀ ਕਹਿੰਦੇ ਨੇ।ਲਾਇਲਪੁਰ ਤੇ ਮਿੰਟਗੁਮਰੀ ਨਹਿਰੀ ਕਾਲੋਨੀਆਂ ਅਬਾਦ ਹੋਣ ਕਰਕੇ ਨਵੇਂ ਵਸਾਏ ਗਏ ਜ਼ਿਲ੍ਹੇ ਸਨ। ਇਸਤੋਂ ਪਹਿਲਾਂ ਇੱਥੇ ‘ਜਾਂਗਲੀ’ ਉਪ ਬੋਲੀ ਬੋਲਦੇ ਬਹੁ ਗਿਣਤੀ ਮੂਲ ‘ਜਾਂਗਲੀ’ ਮੁਸਲਮਾਨ ਲੋਕ ਰਹਿੰਦੇ ਸਨ, ਜਿੰਨ੍ਹਾਂ ਨੂੰ ਇੱਥੇ ਅੰਗਰੇਜ਼ਾਂ ਵੱਲੋਂ ਜ਼ਮੀਨਾਂ ਅਲਾਟ ਹੋਈਆਂ ਸਨ। ਉਹਨਾਂ ਵਿੱਚੋਂ ਬਹੁਤੇ ਲਾਹੌਰ ਤੇ ਜਲੰਧਰ ਡਵੀਜ਼ਨਾਂ ਦੇ ਅਲੱਗ ਅਲੱਗ ਜ਼ਿਲ੍ਹਿਆਂ ਅਤੇ ਅੰਬਾਲਾ ਜ਼ਿਲ੍ਹੇ ਤੋਂ ਲਿਆਕੇ ਇੱਥੇ ਵਸਾਏ ਗਏ ਸਨ। ਲਾਇਲਪੁਰ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਵਸੋਂ ਵਸਾਈ ਗਈ ਸੀ।

ਸਿੰਧ ਦਰਿਆ ਤੋਂ ਪਾਰ ਡੇਰਾ ਗ਼ਾਜ਼ੀ ਖਾਂ, ਰਾਜਨਪੁਰ ਤੇ ਡੇਰਾ ਇਸਮਾਇਲ ਖਾਂ ਵਿੱਚ ‘ਡੇਰੇਵਾਲੀ’ ਉਪ-ਬੋਲੀ ਬੋਲੀ ਜਾਂਦੀ ਸੀ। ਸਿੰਧੀ ਬੋਲੀ ਦੇ ਪ੍ਰਭਾਵ ਵਾਲੀ ਇਸ ਬੋਲੀ ਨੂੰ ‘ਥਲੀ’ ਵੀ ਕਹਿੰਦੇ ਹਨ। ਦਰਿਆ ਸਿੰਧ ਦੇ ਦੱਖਣ ਪੱਛਮੀ ਇਲਾਕੇ ਵਿੱਚ ਲਿਆਹ, ਮੁਜੱਫਰਗੜ੍ਹ ਅਤੇ ਨਾਲ ਲੱਗਦੇ ਮੀਆਂਵਾਲੀ ਦੇ ਕੁਝ ਇਲਾਕੇ ਵਿੱਚ ‘ਬਲੋਚੀ’ ਪ੍ਰਭਾਵ ਵਾਲੀ ‘ਬਲੋਚੀ’ ਉਪ-ਬੋਲੀ, ਬੋਲੀ ਜਾਂਦੀ ਸੀ।
ਇਸਤੋਂ ਇਲਾਵਾ ਡੇਰਾਜ਼ਾਤ, ਬਰਖਾਨ ਤੇ ਮੂਸਾਖੇਲ ਵਿੱਚ ਬਲੋਚੀ, ਸਿੰਧੀ ਤੇ ਡੇਰੇਵਾਲੀ ਬੋਲੀਆਂ ਦੇ ਅਸਰ ਵਾਲੀ ‘ਖੇਤਰਾਨੀ’ ਜਾਂ ‘ਜਾਫਰੀ’ ਬੋਲੀ ਜਾਂਦੀ ਸੀ।

ਮੁਲਤਾਨ ਡਵੀਜ਼ਨ ਦੀ ਗੁਆਂਢੀ ਰਿਆਸਤ ਬਹਾਵਲਪੁਰ ਵਿੱਚ ਬੋਲੀ ਜਾਂਦੀ ਉਪ ਬੋਲੀ ਨੂੰ ‘ਰਿਆਸਤੀ’ ਜਾਂ ‘ਬਹਾਵਲਪੁਰੀ’ ਕਹਿੰਦੇ ਨੇ ਜਦੋਂਕਿ ਇਹ ਮੁਲਤਾਨੀ ਹੀ ਹੈ। ਰਿਆਸਤ ਬਹਾਵਲਪੁਰ ਦੇ ਉੱਤਰੀ ਹਿੱਸੇ ਵਿੱਚ ਬੋਲੀ ਜਾਂਦੀ ਬੋਲੀ ਅਬੋਹਰ ਤੇ ਫਾਜ਼ਿਲਕਾ ਖੇਤਰਾਂ ਦੀ ਬੋਲੀ ਨਾਲ ਮਿਲਦੀ ਜੁਲਦੀ ਸੀ। ਇਹ ਸਾਰੀਆਂ ਉਪ ਬੋਲੀਆਂ ਦਾ ਆਪਸ ਵਿੱਚ ਥੋੜ੍ਹਾ ਬਹੁਤ ਫਰਕ ਸੀ। ਪਰ ਇਹ ਮੁਲਤਾਨੀ ਦਾ ਹੀ ਰੂਪ ਹਨ। ਪੰਜਾਬ ਦੇ ਇਹਨਾਂ ਸਾਰੇ ਜ਼ਿਲ੍ਹਿਆ ਦੇ ਅਲੱਗ ਅਲੱਗ ਇਲਾਕਿਆਂ ਵਿੱਚ ਜਿੱਥੇ ਬੋਲੀਆਂ ਜਾਣ ਵਾਲ਼ੀਆਂ ਬੋਲੀਆਂ ਦਾ ਫਰਕ ਸੀ ਉੱਥੇ ਹੀ ਇਹਨਾਂ ਇਲਾਕਿਆਂ ਦੇ ਲੋਕਾਂ ਵਿੱਚ ਹੋਰ ਸੱਭਿਆਚਾਰਕ ਵਖਰੇਵੇਂ ਵੀ ਸਨ।

………(ਬਾਕੀ ਅਗਲੇ ਭਾਗ ਵਿੱਚ)

ਲਖਵਿੰਦਰ ਜੌਹਲ ‘ਧੱਲੇਕੇ’ (ਲੇਖਕ)

ਲਖਵਿੰਦਰ ਜੌਹਲ ‘ਧੱਲੇਕੇ’
ਫ਼ੋਨ ਨੰਬਰ:- +91 9815959476
ਈਮੇਲ:- johallakwinder@gmail.com

Leave a Reply

Your email address will not be published. Required fields are marked*