ਵੰਡ ਦੀ ਪੀੜ੍ਹ ਦੀ ਗਵਾਹੀ ਭਰਦੇ ਥੋਹਾ ਖ਼ਾਲਸਾ ਦੇ ਖੰਡਹਰ

ਦੇਸ਼ ਪੰਜਾਬ ਦੀ ਵੰਡ ਦਾ ਇਤਿਹਾਸ ਇੱਕ ਦਰਦਨਾਕ ਅਤੇ ਖੌਫਨਾਕ ਵਾਕਿਆ ਹੈ। ਵੰਡ ਵੇਲੇ ਜਿੱਥੇ ਡੇਢ ਕਰੋਡ਼ ਪੰਜਾਬੀਆਂ ਨੂੰ ਪ੍ਰਵਾਸ ਕਰਨਾ ਪਇਆ, ਉੱਥੇ ਹੀ ਦਸ ਲੱਖ ਤੋਂ ਵੱਧ ਪੰਜਾਬੀਆਂ ਨੂੰ ਆਪਣੀ ਜਾਨਾਂ ਵੀ ਗਵਾਉਣੀਆ ਪਈਆਂ। 75 ਵਰ੍ਹੇ ਗੁਜ਼ਰ ਚੁਕੇ ਹਨ, ਪਰ ਉਸ ਦਰਦ ਦੀ ਚੀਸ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਮੌਜ਼ੂਦ ਹੈ। ਥੋਹਾ ਖ਼ਾਲਸਾ ਪਿੰਡ ਰਾਵਲਪਿੰਡੀ ਜ਼ਿਲ੍ਹੇ ਦੀ ਤਹਿਸੀਲ ਕਹੁਟਾ ਦਾ ਪਿੰਡ ਹੈ। ਪੂਰੇ ਭਾਰਤੀ ਉਪਮਹਾਦੀਪ ਵਿੱਚ ਦੰਗੇ 1946 ਵਿੱਚ ਹੀ ਸ਼ੁਰੂ ਹੋ ਚੁੱਕੇ ਸਨ ਅਤੇ ਕਲਕੱਤਾ, ਬਿਹਾਰ ‘ਤੇ ਹੋਰ ਥਾਵਾਂ ਤੇ ਦੰਗੇ ਪਹਿਲਾਂ ਹੀ ਹੋ ਰਹੇ ਸਨ ਪਰ ਪੰਜਾਬ ਮਾਰਚ 1947 ਤੱਕ ਇਸ ਅੱਗ ਦੇ ਸੇਕ ਤੋਂ ਬਚਿਆ ਹੋਇਆ ਸੀ। ਪੰਜਾਬ ਵਿੱਚ ਇਸ ਕਤਲੇਆਮ ਦੀ ਸ਼ੁਰੂਆਤ ਮਾਰਚ ਦੇ ਪਹਿਲੇ ਹਫ਼ਤੇ ਦੇ ਅਖ਼ੀਰ ਵਿੱਚ ਹੋਈ ਸੀ। ਸਿੱਖ ਬਹੁਗਿਣਤੀ ਵਾਲੇ ਪਿੰਡ ਥੋਹਾ ਖ਼ਾਲਸਾ ‘ਤੇ ਹੋਏ ਹਮਲੇ ਵਿੱਚ 200 ਤੋਂ ਵੱਧ ਸਿੱਖਾਂ ਨੂੰ ਆਪਣੀਆਂ ਜਾਨਾਂ ਗਵਾਣਿਆ ਪਇਆਂ। ਇਸ ਕਤਲੋਗਾਰਤ ਦੇ ਖ਼ੌਫ਼ ਦਾ ਦਰਦਨਾਕ ਪਹਿਲੂ ਇਹ ਸੀ ਕਿ ਦੰਗਾਈਆਂ ਦੇ ਹੱਥ ਆਉਣ ਤੋਂ ਡਰਦਿਆਂ 93 ਸਿੱਖ ਔਰਤਾਂ ਨੇ ਇਕੱਠਿਆਂ ਹੀ ਖ਼ੁਦਕੁਸ਼ੀ ਕਰ ਲਈ।
ਹੁਣ ਵੰਡ ਤੋਂ ਪਹਿਲਾਂ ਦੇ ਇਸ ਪਿੰਡ ਦੇ ਮਾਹੌਲ ਬਾਰੇ ਗੱਲ ਕਰਦੇ ਹਾਂ।
ਇਹ ਪਿੰਡ ਪਹਾੜਾਂ ਦੇ ਬਹੁਤ ਉੱਪਰ ਵਸਿਆ ਹੋਇਆ ਹੈ । ਇਸ ਪਿੰਡ ਦਾ ਲਹਿਜ਼ਾ ਪੋਠੋਹਾਰੀ ਹੈ। ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ । ਇਸ ਪਿੰਡ ਵਿਚ ਸਰਦਾਰਾਂ ਨੇ ਇੱਕ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਵਾਈ ਸੀ ਜੋ ਕਿ ਅੱਜ ਵੀ ਮੌਜੂਦ ਹੈ। ਇਸ ਪਿੰਡ ਦੇ ਸਰਦਾਰਾਂ ਨੇ ਗੁਰੂਦੁਆਰਾ ਸਾਹਿਬ ਦੀ ਇਮਾਰਤ ਪਿੰਡ ਤੋਂ ਥੋੜੀ ਜਿਹੀ ਦੂਰੀ ਬਣਵਾਈ ਸੀ ਜੋ ਕਿ ਪਹਾੜਾਂ ਦੇ ਬਿਲਕੁੱਲ ਵਿੱਚਕਾਰ ਹੈ ਅਤੇ ਇਕ ਜੰਨਤ ਵਰਗੀ ਜਾਪਦੀ ਹੈ। ਗੁਰਦੁਆਰਾ ਸਾਹਿਬ ਨੂੰ ਦੁੱਖ ਭਜਨੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇੱਕ ਕਹਾਵਤ ਹੈ ਕਿ “ਖੰਡਰਾਤ ਬਤਾਤੇ ਹੈ ਕਿ ਇਮਾਰਤ ਕਿਤਨੀ ਹਸੀਨ ਥੀ।” ਹੁਣ ਗੁਰੂਦੁਆਰਾ ਸਾਹਿਬ ਦੀਆਂ ਕੁਝ ਹੀ ਨਿਸ਼ਾਨੀਆਂ ਬਚੀਆਂ ਹਨ ਜੋ ਕਿ ਇਸ ਇਮਾਰਤ ਦੀ ਖੂਬਸੂਰਤੀ ਦੀ ਗਵਾਹੀ ਭਰਦੀਆਂ ਹਨ। ਇਸ ਪਿੰਡ ਵਿੱਚ ਸਿੱਖਾਂ ਦੇ ਹੱਥਾਂ ਦੇ ਲਾਏ ਬੂਟੇ ਅੱਜ ਵੀ ਹਰੇ ਭਰੇ ਹਨ ਅਤੇ ਲੋਕ ਉਨ੍ਹਾਂ ਹੀ ਦਰਖਤਾਂ ਦੇ ਮਿੱਠੇ ਫਲ਼ ਖਾਂਦੇ ਹਨ।
ਪਿੰਡ ਵਿੱਚ ਉਸ ਦੌਰ ਦਾ ਇੱਕ ਖ਼ੂਹ ਵੀ ਹੈ ਕੋ ਬਹੁਤ ਡੂੰਘਾ ਹੈ ਅਤੇ ਇਸਦਾ ਪਾਣੀ ਵੀ ਬਹੁਤ ਮਿੱਠਾ ਹੈ। ਪਰ ਇਹ ਓਹੀ ਖ਼ੂਹ ਹੈ ਜਿਸ ਵਿੱਚ ਆਪਣੀ ਇਜ਼ੱਤ ਬਚਾਉਣ ਲਈ ਮਾਸੂਮ ਸਿੱਖ ਔਰਤਾਂ ਨੇ ਆਪਣੇ ਬੱਚਿਆਂ ਸਮੇਤ ਛਾਲਾਂ ਮਾਰ ਦਿੱਤੀਆਂ ਸਨ ਅਤੇ ਹਮੇਸ਼ਾ ਹਮੇਸ਼ਾ ਲਈ ਆਪਣੇ ਆਪ ਨੂੰ ਇਸ ਵਿੱਚ ਦਫ਼ਨ ਕਰ ਲਿਆ ਸੀ।je
ਜਦੋਂ ਮੈਂ ਇਸ ਪਿੰਡ ਗਈ ਤੇ ਮੈਨੂੰ ਉਨ੍ਹਾਂ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਸੀ। ਇੰਝ ਲੱਗਦਾ ਸੀ ਕਿ ਉਹ ਸਭ ਆਪ ਮੈਨੂੰ ਆਪਣਾ ਪਿੰਡ ਦਿਖਾ ਰਹੇ ਹੋਣ। ਅਤੇ ਉਹ ਖ਼ੂਹ ਜੋ ਮਾਸੂਮਾਂ ਦੇ ਖੂਨ ਨਾਲ ਭਰਿਆ ਸੀ, ਇਸ ਪਿੰਡ ਦੇ ਵਸਨੀਕ ਅੱਜ ਵੀ ਉਸ ਖ਼ੂਹ ਦਾ ਪਾਣੀ ਪੀਂਦੇ ਹਨ, ਪਰ ਮੈਨੂੰ ਉਹ ਖੂਹ ਖ਼ੂਨ ਨਾਲ ਭਰਿਆ ਹੀ ਨਜ਼ਰ ਆਉਂਦਾ ਸੀ।
ਇਸ ਮੰਜ਼ਰ ਨੂੰ ਦੇਖ ਕੇ ਮੇਰੀਆਂ ਅੱਖਾਂ ਭਰ ਆਈਆਂ ਅਤੇ ਇੰਞ ਲੱਗਾ ਕਿ ਉਹ ਖ਼ੂਹ ਸਾਨੂੰ ਸਵਾਲੀਆਂ ਨਜ਼ਰਾਂ ਨਾਲ ਤੱਕ ਰਿਹਾ ਹੋਵੇ। ਇਸ ਪਿੰਡ ਦੇ ਬੇਗੁਨਾਹ ਸਿੱਖ ਜਿਨ੍ਹਾਂ ਨੂੰ ਨਫ਼ਰਤ ਦੀ ਅੱਗ ਵਿੱਚ ਆਪਣੀ ਜਾਨਾਂ ਗਵਉਣੀਆ ਪਈਆਂ, ਉਨ੍ਹਾਂ ਦੇ ਹੀ ਲਾਏ ਬੂਟਿਆਂ ਦੇ ਸਾਏ ਹੇਠਾਂ ਅੱਜ ਲੋਕੀਂ ਖੁਸ਼ਹਾਲ ਜਿੰਦਗੀ ਗੁਜਾਰ ਰਹੇ ਹਨ।
ਪੁਰਵਾ ਮਸਊਦ
ਜੀਵੇ ਸਾਂਝਾ ਪੰਜਾਬ

Leave a Reply

Your email address will not be published. Required fields are marked*